ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬੱਕਰੀ ਪਾਲਣ ਦਾ ਕਿੱਤਾ ਮੁਖੀ ਕੋਰਸ ਕਰਵਾਇਆ ਗਿਆ

ਫ਼ਤਹਿਗੜ੍ਹ ਸਾਹਿਬ, 12 ਜੁਲਾਈ 2024 : ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ ਬੱਕਰੀ ਪਾਲਣ ਵਿਸ਼ੇ ਤੇ ਇੱਕ ਹਫਤੇ ਦਾ ਕਿੱਤਾ ਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ 26 ਕਿਸਾਨਾਂ ਤੇ ਨੌਜਵਾਨਾਂ ਨੇ ਭਾਗ ਲਿਆ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਕਿੱਤਾ ਮੁਖੀ ਕੋਰਸ ਦੌਰਾਨ ਡਾ: ਜੀ.ਪੀ.ਐਸ. ਸੇਠੀ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਅਤੇ ਕੋਰਸ ਕੋਆਰਡੀਨੇਟਰ ਨੇ ਬੱਕਰੀਆਂ ਦੀਆਂ ਨਸਲਾਂ, ਪ੍ਰਜਨਲ ਪ੍ਰਬੰਧਨ ਅਤੇ ਬੱਕਰੀਆਂ ਦੀਆਂ ਵੱਖ-ਵੱਖ ਬਿਮਾਰੀਆਂ ਤੇ ਉਨ੍ਹਾਂ ਦੇ ਸੰਭਾਵਤ ਇਲਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਕਰੀਆਂ ਵਿੱਚ ਟੀਕਾਕਰਨ ਦੀ ਮਹੱਤਤਾ ਬਾਰੇ, ਸੁਧਰੀ ਨਸਲ ਦੀ ਪਹਿਚਾਣ, ਦੰਦਾਂ ਤੋਂ ਉਮਰ ਦਾ ਅੰਦਾਜ਼ਾ ਲਗਾਉਣ, ਟੀਕਾਕਰਨ ਆਦਿ ਬਾਰੇ ਪ੍ਰੈਕਟੀਕਲ ਜਾਣਕਾਰੀ ਵੀ ਦਿੱਤੀ। ਇਸ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਹਰਪ੍ਰੀਤ ਸਿੰਘ ਨੇ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਬੈਂਕ ਵੱਲੋਂ ਦਿੱਤੇ ਜਾਣ ਵਾਲੇ ਕਰਜ਼ਿਆਂ ਬਾਰੇ ਵਿਸਥਾਰ ਸਹਿਤ ਦੱਸਿਆ। ਸਿਖਲਾਈ ਕੋਰਸ ਦੇ ਅੰਤਿਮ ਦਿਨ ਡਾ: ਵਿਪਨ ਕੁਮਾਰ ਰਾਮਪਾਲ ਨੇ ਸਿਖਿਆਰਥੀਆਂ ਨੂੰ ਕੋਰਸ ਦੇ ਸਫਲਤਾ ਪੂਰਵਕ ਮੁਕੰਮਲ ਹੋਣ ਲਈ ਵਧਾਈ ਦਿੱਤੀ ਅਤੇ ਇਸ ਸਿਖਲਾਈ ਨੂੰ ਸਫਲ ਬਣਾਉਣ ਲਈ ਧੰਨਵਾਦ ਵੀ ਕੀਤਾ।