ਡਾਇਰੈਕਟਰ ਉਦਯੋਗ ਅਤੇ ਵਣਜ, ਪੰਜਾਬ ਵੱਲੋਂ ਸਾਈਕਲ ਅਤੇ ਸਿਲਾਈ ਮਸ਼ੀਨ ਉਦਯੋਗ ਲਈ ਖੋਜ ਅਤੇ ਵਿਕਾਸ ਕੇਂਦਰ ਦਾ ਦੌਰਾ

  • ਦੋਵਾਂ ਕੇਂਦਰਾਂ 'ਤੇ ਕੀਤੇ ਜਾ ਰਹੇ ਕੰਮ ਦੀ ਵੀ ਕੀਤੀ ਸ਼ਲਾਘਾ

ਲੁਧਿਆਣਾ, 22 ਅਪ੍ਰੈਲ : ਡਾਇਰੈਕਟਰ ਇੰਡਸਟਰੀਜ਼ ਐਂਡ ਕਾਮਰਸ, ਪੰਜਾਬ ਡਾ. ਅਮਰਪਾਲ ਸਿੰਘ ਵਲੋਂ ਬੀਤੇ ਕੱਲ੍ਹ ਲੁਧਿਆਣਾ ਦੇ ਸਾਈਕਲ ਅਤੇ ਸਿਲਾਈ ਮਸ਼ੀਨ ਲਈ ਖੋਜ ਅਤੇ ਵਿਕਾਸ ਕੇਂਦਰ ਅਤੇ ਇੰਸਟੀਚਿਊਟ ਫਾਰ ਆਟੋ ਪਾਰਟਸ ਅਤੇ ਹੈਂਡ ਟੂਲਜ਼, ਲੁਧਿਆਣਾ ਦਾ ਦੌਰਾ ਕੀਤਾ। ਉਨ੍ਹਾਂ ਵਲੋਂ ਇਨ੍ਹਾਂ ਕੇਂਦਰਾਂ ਦੁਆਰਾ ਉਦਯੋਗ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸੇਵਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਆਪਣੇ ਦੌਰੇ ਮੌਕੇ ਇਨ੍ਹਾਂ ਦੋਵਾਂ ਕੇਂਦਰਾਂ 'ਤੇ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਵੀ ਕੀਤੀ ਅਤੇ ਸਬੰਧਤ ਜਨਰਲ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਉਦਯੋਗ ਨਾਲ ਤਾਲਮੇਲ ਨੂੰ ਹੋਰ ਵਧਾਉਣ ਅਤੇ ਉੱਚ ਗੁਣਵੱਤਾ ਅਤੇ ਤੁਰੰਤ ਸੇਵਾਵਾਂ ਪ੍ਰਦਾਨ ਕਰਨ। ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਵਿਸ਼ਵ ਪੱਧਰੀ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਨਤਮ ਤਕਨਾਲੋਜੀ ਅਤੇ ਅਤਿ ਆਧੁਨਿਕ ਉੱਚ ਸ਼ੁੱਧਤਾ ਵਾਲੀਆਂ ਮਸ਼ੀਨਾਂ/ਯੰਤਰਾਂ ਦੀ ਖਰੀਦ ਕੀਤੀ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੀ ਹੈਵੀ ਇੰਡਸਟਰੀਜ਼ ਮੰਤਰਾਲੇ ਦੀ ਸਕੀਮ ਅਧੀਨ, ਦੋਵਾਂ ਸੰਸਥਾਵਾਂ ਨੂੰ ਟੈਸਟਿੰਗ ਸੁਵਿਧਾਵਾਂ ਨੂੰ ਅਪਗ੍ਰੇਡ ਕਰਨ ਲਈ 10 ਹਜ਼ਾਰ ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ ਅਤੇ ਇਹ ਐਮ.ਐਸ.ਐਮ.ਈ. ਨੂੰ ਇਨ੍ਹਾਂ ਸੰਸਥਾਵਾਂ ਤੋਂ ਵਧੀਆ ਟੈਸਟਿੰਗ ਸੁਵਿਧਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਇਸ ਦੌਰੇ ਦੌਰਾਨ ਵਿਸ਼ਵ ਬੰਧੂ, ਸੰਯੁਕਤ ਨਿਰਦੇਸ਼ਕ (ਤਕਨੀਕੀ), ਰਾਕੇਸ਼ ਪਾਠਕ ਜੀ.ਐਮ., ਆਰ ਐਂਡ ਡੀ ਸੈਂਟਰ ਅਤੇ ਡਾ. ਸੰਜੀਵ ਕਟੋਚ ਜੀ.ਐਮ., ਆਈ.ਏ.ਪੀ.ਐਚ.ਟੀ. ਵੀ ਮੌਜੂਦ ਸਨ।