ਜਿਸ ਪਿੰਡ ਵਿਚ ਨਹੀਂ ਸੜੇਗੀ ਪਰਾਲੀ, ਉਸ ਪਿੰਡ ਵਿਚ 10 ਲੱਖ ਦੇ ਵਾਧੂ ਵਿਕਾਸ ਕਾਰਜ ਕਰਵਾਏ ਜਾਣਗੇ : ਡਿਪਟੀ ਕਮਿਸ਼ਨਰ

  • ਪਰਾਲੀ ਪ੍ਰਬੰਧਨ ਲਈ ਅਗੇਤੀ ਵਿਉਂਤਬੰਦੀ ਲਈ ਕੀਤੀ ਬੈਠਕ

ਫਾਜਿ਼ਲਕਾ, 21 ਜ਼ੂਨ : ਝੋਨੇ ਦੇ ਅਗਾਮੀ ਸੀਜਨ ਦੌਰਾਨ ਪਰਾਲੀ ਸਾੜਨ ਦੀ ਮਾੜੀ ਪ੍ਰਥਾ ਬੰਦ ਕਰਨ ਲਈ ਅਗੇਤੀ ਵਿਉਂਤਬੰਦੀ ਲਈ ਇਕ ਬੈਠਕ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਅਗਵਾਈ ਹੇਠ ਹੋਈ। ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਕਾਸਤ ਵਾਲੇ ਜਿਹੜੇ ਪਿੰਡਾਂ ਵਿਚ ਕੋਈ ਵੀ ਕਿਸਾਨ ਪਰਾਲੀ ਨਹੀਂ ਸਾੜੇਗਾ ਉਸ ਪਿੰਡ ਵਿਚ 10 ਲੱਖ ਰੁਪਏ ਦੇ ਵਾਧੂ ਵਿਕਾਸ ਕਾਰਜ ਮਗਨਰੇਗਾ ਸਕੀਮ ਤਹਿਤ ਕਰਵਾਏ ਜਾਣਗੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਇਸ ਤਰਾਂ ਦੀ ਵਿਉਂਤਬੰਦੀ ਕਰਨ ਕਿ ਪਰਾਲੀ ਨੂੰ ਬਿਨ੍ਹਾਂ ਸਾੜੇ ਇਸ ਦਾ ਨਿਪਟਾਰਾ ਇਸ ਸਾਲ ਕੀਤਾ ਜਾ ਸਕੇ।ਉਨ੍ਹਾਂ ਨੇ ਸਪਸ਼ੱਟ ਸ਼ਬਦਾਂ ਵਿਚ ਕਿਹਾ ਕਿ ਇਸ ਸਾਲ ਪਰਾਲੀ ਸਾੜਨ ਤੋਂ ਰੋਕਣ ਲਈ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਜਰੂਰਤ ਪਈ ਤਾਂ ਸਖ਼ਤੀ ਵੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਸੰਭਾਲ ਲਈ ਸਬਸਿਡੀ ਤੇ ਮਸ਼ੀਨਾਂ ਦੇਣ ਲਈ ਪਹਿਲਾਂ ਹੀ ਅਰਜੀਆਂ ਦੀ ਮੰਗ ਕਰ ਲਈ ਗਈ ਹੈ ਅਤੇ ਕਿਸਾਨ ਵਿਭਾਗ ਦੇ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਟਾਂ ਦੇ ਭੱਠਿਆਂ ਤੇ ਬਾਲਣ ਵਿਚ 20 ਫੀਸਦੀ ਹਿੱਸਾ ਝੋਨੇ ਦੀ ਪਰਾਲੀ ਦੀਆਂ ਪੈਲਟਸ ਦਾ ਵਰਤਨਾ ਲਾਜਮੀ ਕੀਤਾ ਗਿਆ ਹੈ। ਇਸ ਲਈ ਫਾਜਿ਼ਲਕਾ ਜਿ਼ਲ੍ਹੇ ਵਿਚ ਇਕ ਪਲਾਂਟ ਜਲਦ ਸ਼ੁਰੂ ਹੋ ਰਿਹਾ ਹੈ ਜਿਥੋਂ ਭੱਠੇ ਵਾਲੇ ਇੰਨ੍ਹਾਂ ਪੈਲਟਸ ਲੈ ਸਕਨਣਗੇ। ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਵਰਤੋਂ ਕਿਨੂੰ ਦੇ ਬਾਗਾਂ ਵਿਚ ਮਲਚਿੰਗ ਲਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਮਲਚਿੰਗ ਲਈ ਵਰਤੋਂ ਨੂੰ ਉਤਸਾਹਿਤ ਕੀਤਾ ਜਾਵੇ। ਇਸੇ ਤਰਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੱਛਲੇ ਸਾਲ ਜਿੰਨ੍ਹਾਂ ਪਿੰਡਾਂ ਵਿਚ ਅੱਗ ਲਗਾਉਣ ਦੀਆਂ ਘਟਨਾਵਾਂ ਜਿਆਦਾ ਵਾਪਰੀਆਂ ਸਨ ਉਨ੍ਹਾਂ ਵਿਚ ਜਿਆਦਾ ਚੌਕਸੀ ਰੱਖੀ ਜਾਵੇ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਅੱਗ ਲਗਾਉਣ ਦੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਜਾਵੇ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਿਤ ਪੰਚਾਲ, ਐਸਡੀਐਮ ਅਬੋਹਰ ਸ੍ਰੀ ਅਕਾਸ਼ ਬਾਂਸਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।