26-27-28 ਨਵੰਬਰ ਦੇ ਚੰਡੀਗੜ੍ਹ ਕਿਸਾਨ ਘੇਰਾਓ ਲਈ ਪਿੰਡ-ਪਿੰਡ ਤਿਆਰੀਆਂ ਜ਼ੋਰਾਂ 'ਤੇ- ਦਸਮੇਸ਼ ਯੂਨੀਅਨ 

ਮੁੱਲਾਂਪੁਰ ਦਾਖਾ 20 ਨਵੰਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ( ਰਜਿ:) ਜਿਲਾ ਲੁਧਿਆਣਾ ਦੀ  ਜ਼ਿਲ੍ਹਾ  ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਪਿੰਡ ਬਰਸਾਲ ਵਿਖੇ ਹੋਈ, ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਦੇਸ਼ ਦੀਆਂ ਕੁੱਲ ਰਾਜਧਾਨੀਆਂ ਨੂੰ ਘੇਰਨ ਦੀ ਲੜੀ ਦੀ ਕੜੀ ਵਜੋਂ 26-27-28 ਨਵੰਬਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਘੇਰਾਓ ਦੇ ਐਕਸ਼ਨਾਂ  ਬਾਰੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ - ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖਜਾਨਚੀ ਸੁਖਦੇਵ ਸਿੰਘ ਤਲਵੰਡੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਡਾਕਟਰ ਗੁਰਮੇਲ ਸਿੰਘ ਕੁਲਾਰ ,ਗੁਰਸੇਵਕ ਸਿੰਘ ਸੋਨੀ ਸਵੱਦੀ, ਅਵਤਾਰ ਸਿੰਘ ਬਿਲੂ ਵਲੈਤੀਆ ਨੇ ਵਰਨਣ  ਕੀਤਾ ਕਿ ਦੇਸ਼ ਦੇ ਕਿਸਾਨਾਂ- ਮਜ਼ਦੂਰਾਂ ਸਿਰ ਚੜੇ 13 ਲੱਖ ਕਰੋੜ ਰੁ: ਦੇ ਕਰੀਬ ਕਰਜਿਆਂ 'ਤੇ ਲਕੀਰ ਮਰਵਾਉਣ ਲਈ, ਕੁੁੱਲ 23 ਫਸਲਾਂ ਦੀ ਐਮ.ਐਸ. ਪੀ. ਨੂੰ ਸਵਾਮੀ ਨਾਥਨ ਕਮਿਸ਼ਨ 'ਤੇ ਆਧਾਰਿਤ ਕਰਵਾਉਣ ਅਤੇ ਲਾਗੂ ਕਰਵਾਉਣ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਸਾਜਿਸ਼ਕਾਰ ਕੇਂਦਰੀ  ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਗ੍ਰਿਫ਼ਤਾਰੀ  ਫੌਰੀ ਕਰਵਾਉਣ, ਦਿੱਲੀ ਮੋਰਚੇ ਵੇਲੇ ਤੋਂ ਲੈ ਕੇ ਅੱਜ ਤੱਕ ਕਿਸਾਨਾਂ ਸਿਰ ਬਣਾਏ ਕੁਲ ਕਥਿਤ ਝੂਠੇ ਤੇ ਮਨ ਘੜਤ ਕੇਸ ਰੱਦ ਕਰਵਾਉਣ, ਹੜ੍ਹ- ਪੀੜਤਾਂ ਨੂੰ ਬਣਦੇ ਮੁਆਵਜੇ ਦਿਵਾਉਣ ਅਤੇ ਪਰਾਲੀ ਸੰਭਾਲਣ ਲਈ ਕੌਮੀ ਗਰੀਨ ਟਰਿਬਿਊਨਲ ਤੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ 2500 ਰੁ: ਪ੍ਰਤੀ ਏਕੜ ਦੀ ਘੱਟੋ ਘੱਟ ਸਰਕਾਰੀ ਸਹਾਇਤਾ ਯਕੀਨੀ ਬਣਾਉਣ ਸਮੇਤ ਕੁਲ ਅਹਿਮ ਕਿਸਾਨ- ਮਜ਼ਦੂਰ ਮੁੱਦੇ ਹੱਲ ਕਰਵਾਉਣ ਲਈ 26-27-28 ਨਵੰਬਰ ਨੂੰ 3 ਰੋਜਾ ਚੰਡੀਗੜ੍ਹ  ਦੇ ਘੇਰਾਓ ਦੇ ਐਕਸ਼ਨਾਂ ਲਈ ਜੱਥੇਬੰਦੀ ਦੇ ਕਾਫ਼ਲੇ ਵਧ ਚੜ੍ਹ ਕੇ ਰਵਾਨਾ ਹੋਣਗੇ ।ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਰੋਜ਼ਾਨਾ ਪਿੰਡ- ਪਿੰਡ ਵੱਡੀਆਂ ਮੀਟਿੰਗਾਂ/ ਰੈਲੀਆਂ ਦਾ ਸਿਲਸਿਲਾ ਤੇਜ਼ੀ ਨਾਲ਼ 25 ਨਵੰਬਰ ਤੱਕ ਚਾਲੂ ਰਹੇਗਾ । 26 ਨਵੰਬਰ ਨੂੰ ਠੀਕ 8 ਵਜੇ ਸਵੇਰੇ ਚੌਕੀਮਾਨ ਟੋਲ ਪਲਾਜ਼ਾ ਤੋਂ ਜੱਥੇਬੰਦੀ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਗੀ ਕਰੇਗਾ।  ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਤੇਜਿੰਦਰ ਸਿੰਘ ਬਿਰਕ, ਬਲਤੇਜ ਸਿੰਘ ਸਿੱਧਵਾਂ ,ਦਰਸ਼ਨ ਸਿੰਘ ਗੁੜੇ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਸੁਰਜੀਤ ਸਿੰਘ ਸਵੱਦੀ, ਗੁਰਦੀਪ ਸਿੰਘ ਮੰਡਿਆਣੀ, ਬਲਵੀਰ ਸਿੰਘ ਪੰਡੋਰੀ, ਵਿਜੇ ਕੁਮਾਰ ਪੰਡੋਰੀ, ਗੁਰਚਰਨ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਸ਼ਰਵਿੰਦਰ ਸਿੰਘ ਸਧਾਰ ਉਚੇਚੇ ਤੌਰ ਤੇ ਸ਼ਾਮਿਲ ਹੋਏ।