-ਜ਼ਿਲ੍ਹਾ ਪ੍ਰਸ਼ਾਸਨ ਨੇ 10 ਸਾਲ ਦੇ ਲਵਾਰਿਸ ਬੱਚੇ ਦੇ ਘਰਦਿਆਂ ਤੱਕ ਪਹੁੰਚ ਕਰਨ ਲਈ ਵਿੱਡੀ ਮੁਹਿੰਮ

  • ਬੱਚੇ ਸਬੰਧੀ ਇਤਲਾਹ 86991- 57410 ਅਤੇ 01639-500283 ਤੇ ਦਿੱਤੀ ਜਾ ਸਕਦੀ ਹੈ

ਫ਼ਰੀਦਕੋਟ 21 ਫ਼ਰਵਰੀ : ਪਿਛਲੇ ਪੰਜ ਦਿਨਾਂ ਤੋਂ ਬਾਲ ਭਲਾਈ ਕਮੇਟੀ ਫਰੀਦਕੋਟ ਵਿਖੇ ਇਕ 10-11 ਸਾਲ ਦੇ ਬੱਚੇ ਦੇ ਮਾਪਿਆਂ ਤੱਕ ਪਹੁੰਚ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਨੇ ਇੱਕ ਮੁਹਿੰਮ ਵਿੱਡਦਿਆਂ ਮੋਬਾਇਲ ਨੰਬਰ 8699157410 ਅਤੇ 01639-500283 ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਭਲਾਈ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ 16 ਫਰਵਰੀ ਨੂੰ ਇਹ ਬੱਚਾ ਜੋ ਕਿ ਆਪਣਾ ਨਾਮ ਦੀਪਕ ਦੱਸਦਾ ਹੈ, ਫਰੀਦਕੋਟ ਰੇਲਵੇ ਸਟੇਸ਼ਨ ਤੋਂ ਜੀ.ਆਰ.ਪੀ (ਗਵਰਨਮੈਂਟ ਰੇਲਵੇ ਪੁਲਿਸ) ਨੂੰ ਮਿਲਿਆ ਸੀ, ਉਹਨਾਂ ਦੱਸਿਆ ਕਿ ਇਸ ਸਬੰਧੀ ਡੀ.ਡੀ.ਆਰ ਜੀ.ਆਰ.ਪੀ ਥਾਣਾ ਫਰੀਦਕੋਟ ਵਿਖੇ ਦਰਜ ਕੀਤਾ ਗਿਆ ਹੈ। ਨੁਮਾਇੰਦਿਆਂ ਨੇ ਦੱਸਿਆ ਕਿ ਇਹ ਬੱਚਾ ਆਪਣਾ ਘਰ ਦਾ ਪਤਾ ਜਾਗੋ ਚੱਕ ਟਾਡਾ ਜ਼ਿਲ੍ਹਾ ਗੁਰਦਾਸਪੁਰ ਦੱਸ ਰਿਹਾ ਹੈ, ਉਹਨਾਂ ਦੱਸਿਆ ਕਿ ਇਸ ਬੱਚੇ ਨਾਲ ਮਾਹਿਰਾਂ ਵੱਲੋਂ ਸਲਾਹ, ਮਸ਼ਵਰਾ ਕੌਂਸਲਿੰਗ ਕੀਤੀ ਜਾ ਰਹੀ ਹੈ ਪਰੰਤੂ ਮੁਢਲੀ ਗੱਲਬਾਤ ਤੋਂ ਇਹ ਪਤਾ ਲੱਗਦਾ ਹੈ ਕਿ ਬੱਚੇ ਵੱਲੋਂ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਦੱਸਿਆ ਕਿ ਬੱਚਾ ਕਦੇ ਆਪਣੀ ਮਾਤਾ ਦਾ ਨਾਮ ਸੁਨੀਤਾ ਦੱਸਦਾ ਹੈ ਅਤੇ ਕਦੇ ਕਹਿੰਦਾ ਹੈ ਕਿ ਇਹ ਉਸਦੀ ਮਾਮੀ ਦਾ ਨਾਮ ਹੈ ਅਤੇ ਕਦੇ ਕਹਿ ਦਿੰਦਾ ਹੈ ਕਿ ਇਹ ਸਭ ਜੋ ਉਹ ਦੱਸ ਰਿਹਾ ਹੈ ਉਸ ਨੇ ਟੈਲੀਵਿਜ਼ਨ ਵਿੱਚ ਦੇਖਿਆ ਹੈ। ਬਾਲ ਭਲਾਈ ਵਿਭਾਗ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜਦੋਂ ਤੱਕ ਬੱਚੇ ਦੇ ਮਾਤਾ ਪਿਤਾ ਬਾਰੇ ਪਤਾ ਨਹੀਂ ਲੱਗਦਾ ਉਨੀ ਦੇਰ ਤੱਕ ਇਹ ਬੱਚਾ ਟੈਂਪਰੇਰੀ ਸੈਲਟਰ ਲਈ ਸ੍ਰੀ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਵਿਖੇ ਰਹੇਗਾ। ਜੇਕਰ ਕਿਸੇ ਨੂੰ ਵੀ ਇਸ ਬੱਚੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਬਾਲ ਸੁਰੱਖਿਆ ਭਵਨ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਸਾਦਿਕ ਚੌਂਕ ਫਰੀਦਕੋਟ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਮੋਬਾਇਲ ਨੰਬਰ 86991-57410 ਅਤੇ 01639-500283  ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।