ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਵਿਚ ਵਾਧਾ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ 'ਤੇ ਵਾਈਸ-ਚਾਂਸਲਰ ਨੇ ਸਰਕਾਰ ਦਾ ਕੀਤਾ ਧੰਨਵਾਦ 

ਪਟਿਆਲਾ, 12 ਮਾਰਚ : ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਸਲਾਨਾ ਗਰਾਂਟ ਵਿਚ ਵਾਧਾ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਉਪਰੰਤ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਨੇੜ-ਭਵਿੱਖ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਵਿੱਤੀ ਸੰਕਟ ਹੱਲ ਕਰ ਦਿੱਤਾ ਜਾਵੇਗਾ। ਇਸ ਮਕਸਦ ਲਈ ਯੂਨੀਵਰਸਿਟੀ ਵੱਲੋਂ ਤਜਵੀਜ਼ਤ ਲੋੜੀਂਦੇ ਫੰਡ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾ ਦਿੱਤੇ ਜਾਣਗੇ। ਪ੍ਰੋ. ਅਰਵਿੰਦ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਉਚੇਚੇ ਬਿਆਨਾਂ ਤੋਂ ਸ਼ੰਕੇ ਦੂਰ ਹੋ ਗਏ ਹਨ ਅਤੇ ਭਰੋਸਾ ਬੱਝਦਾ ਹੈ ਕਿ ਜਲਦੀ ਹੀ ਯੂਨੀਵਰਸਿਟੀ ਦਾ ਵਿੱਤੀ ਸੰਕਟ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਿਆਨ ਦਰਸਾਉਂਦੇ ਹਨ ਕਿ ਪੰਜਾਬ ਸਰਕਾਰ ਸੂਬੇ ਦੀ ਇਸ ਅਹਿਮ ਸੰਸਥਾ ਨੂੰ ਬਚਾਉਣ ਲਈ ਸੁਹਿਰਦ ਹੈ ਅਤੇ ਇਸ ਨੂੰ ਬਚਾਉਣ ਲਈ ਹਰ ਪੱਖੋਂ ਇਸ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਮਾਲਵਾ ਖੇਤਰ ਦੀ ਇਹ ਸਭ ਤੋਂ ਵੱਡੀ ਸੰਸਥਾ ਸਰਕਾਰ ਦੇ ਏਜੰਡੇ ਉੱਤੇ ਹੈ। ਉਹ ਇਸ ਨੂੰ ਬਚਾਉਣ ਅਤੇ ਹੋਰ ਅੱਗੇ ਵਧਾਉਣ ਲਈ ਯਤਨਸ਼ੀਲ ਹਨ। ਇਸ ਲਈ ਸਮੁੱਚੇ ਯੂਨੀਵਰਸਿਟੀ ਪਰਿਵਾਰ ਵੱਲੋਂ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ।