ਵਰਧਮਾਨ ਸਮੂਹ ਨੇ ਪੀ.ਏ.ਯੂ. ਨੂੰ 30 ਲੋਹੇ ਦੇ ਬੈਂਚ ਭੇਂਟ ਕੀਤੇ

ਲੁਧਿਆਣਾ 14 ਜੂਨ : ਭਾਰਤ ਵਿੱਚ ਕੱਪੜਾ ਨਿਰਮਾਣ ਉਦਯੋਗ ਦੀ ਮਹੱਤਵਪੂਰਨ ਇਕਾਈ ਵਰਧਮਾਨ ਸਮੂਹ ਨੇ ਪੀ.ਏ.ਯੂ. ਨਾਲ ਸਹਿਯੋਗ ਦੀ ਭਾਵਨਾ ਪ੍ਰਗਟਾਉਂਦਿਆਂ ਅੱਜ ਲੋਹੇ ਦੇ 30 ਬੈਂਚ ਯੂਨੀਵਰਸਿਟੀ ਨੂੰ ਭੇਂਟ ਕੀਤੇ | ਇਹ ਕਾਰਜ ਪੀ.ਏ.ਯੂ. ਦੀ ਹਰਿਆਲੀ ਅਤੇ ਸਫ਼ਾਈ ਮੁਹਿੰਮ ਨੂੰ ਹੁਲਰਾ ਦੇਣ ਦੇ ਮੰਤਵ ਨਾਲ ਨੇਪਰੇ ਚੜਿਆ | ਵਰਧਮਾਨ ਗਰੁੱਪ ਦੇ ਸੀਨੀਅਰ ਮੈਨੇਜਰ ਸ਼੍ਰੀ ਅਮਿਤ ਧਵਨ ਇਸ ਮੌਕੇ ਆਪਣੇ ਸਮੂਹ ਦੇ ਮੈਂਬਰਾਂ ਨਾਲ ਹਾਜ਼ਰ ਸਨ ਅਤੇ ਉਹਨਾਂ ਨੇ ਇਹ ਬੈਂਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਹਾਜ਼ਰੀ ਵਿੱਚ ਯੂਨੀਵਰਸਿਟੀ ਨੂੰ ਭੇਂਟ ਕੀਤੇ | ਇਸ ਮੌਕੇ ਗੱਲਬਾਤ ਕਰਦਿਆ ਸ੍ਰੀ ਧਵਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਬਚਾਉਣ ਦਾ ਮੁੱਦਾ ਬੇਹੱਦ ਗੰਭੀਰ ਹੈ ਅਤੇ ਵਰਧਮਾਨ ਸਮੂਹ ਇਸ ਕਾਰਜ ਲਈ ਵਿਦਿਅਕ ਸੰਸਥਾਵਾਂ ਨਾਲ ਸਹਿਯੋਗ ਲਈ ਤਿਆਰ-ਬਰ-ਤਿਆਰ ਹੈ | ਉਹਨਾਂ ਕਿਹਾ ਕਿ ਇਸ ਸਹਿਯੋਗ ਨਾਲ ਸਦਭਾਵੀ ਅਤੇ ਸੋਹਣੀ ਦੁਨੀਆਂ ਦਾ ਨਿਰਮਾਣ ਹੋ ਸਕੇਗਾ | ਇਹ ਬੈਂਚ ਸਵੇਰ ਦੀ ਸੈਰ ਕਰਨ ਵਾਲੇ ਅਤੇ ਪੀ.ਏ.ਯੂ. ਵਿੱਚ ਆਉਣ ਵਾਲੇ ਲੋਕਾਂ ਲਈ ਭੇਂਟ ਕੀਤੇ ਗਏ ਹਨ ਅਤੇ ਇਸ ਨਾਲ ਪੀ.ਏ.ਯੂ. ਅਤੇ ਵਰਧਮਾਨ ਸਮੂਹ ਵਿਚਕਾਰ ਸੰਬੰਧ ਹੋਰ ਪਕੇਰੇ ਹੋਣਗੇ | ਉਹਨਾਂ ਕਿਹਾ ਕਿ ਉਹਨਾਂ ਦੇ ਉਦਯੋਗਿਕ ਸਮੂਹ ਦਾ ਦ੍ਰਿੜ ਸੰਕਲਪ ਹੈ ਕਿ ਉਹ ਸਮਾਜਿਕ ਭਲਾਈ, ਵਾਤਾਵਰਨ ਦੀ ਸੰਭਾਲ ਲਈ ਸਦਾ ਸਹਿਯੋਗ ਕਰਦੇ ਰਹਿਣਗੇ | ਉਹਨਾਂ ਨੇ ਵਾਈਸ ਚਾਂਸਲਰ ਨੂੰ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਦੇ ਢਾਂਚੇ, ਪੋਰਟੇਬਲ ਟਾਇਲਟਸ ਅਤੇ ਹੋਰ ਕਾਰਜਾਂ ਲਈ ਸਹਿਯੋਗ ਦੇ ਇੱਛੁਕ ਹਨ ਤਾਂ ਜੋ ਪੀ.ਏ.ਯੂ. ਦੀ ਹਰਿਆਲੀ ਅਤੇ ਸਫ਼ਾਈ ਮੁਹਿੰਮ ਪ੍ਰਵਾਨ ਚੜ੍ਹ ਸਕੇ |ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਰਧਮਾਨ ਸਮੂਹ ਵੱਲੋਂ ਕੀਤੇ ਇਸ ਉਪਕਾਰੀ ਕਾਰਜ ਲਈ ਉਹਨਾਂ ਦਾ ਧੰਨਵਾਦ ਕੀਤਾ | ਡਾ. ਗੋਸਲ ਨੇ ਕਿਹਾ ਕਿ ਭੇਂਟ ਕੀਤੇ ਗਏ ਬੈਂਚ ਨਾ ਸਿਰਫ ਬੈਠਣ ਲਈ ਅਰਾਮਦਾਇਕ ਜਗ੍ਹਾ ਮੁਹੱਈਆ ਕਰਾਉਣਗੇ ਬਲਕਿ ਇਸ ਨਾਲ ਕੈਂਪਸ ਦੀ ਸੁੰਦਰਤਾ ਵਿੱਚ ਭਰਪੂਰ ਵਾਧਾ ਹੋਵੇਗਾ | ਕੈਂਪਸ ਦੇ ਵਾਤਾਵਰਨ ਨੂੰ ਸਾਫ, ਹਰਾ-ਭਰਾ ਅਤੇ ਸਥਿਰ ਬਣਾਈ ਰੱਖਣ ਵਿੱਚ ਵੀ ਇਹ ਬੈਂਚ ਮਹੱਤਵਪੂਰਨ ਸਾਬਤ ਹੋਣਗੇ | ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਹਰਿਆਲੀ ਅਤੇ ਸਫ਼ਾਈ ਮੁਹਿੰਮ ਦਾ ਮੰਤਵ ਵਾਤਾਵਰਨ ਦੀ ਸੰਭਾਲ ਅਤੇ ਕੈਂਪਸ ਨੂੰ ਮਨੁੱਖੀ ਜੀਵਨ ਲਈ ਉਤਸ਼ਾਹ ਵਰਧਕ ਬਨਾਉਣਾ ਹੈ | ਉਹਨਾਂ ਨੇ ਵਰਧਮਾਨ ਸਮੂਹ ਸਹਿਯੋਗ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਪਹਿਲਾਂ ਵੀ 20 ਬੈਂਚ ਅਤੇ 20 ਬੈਰੀਕੇਡ ਮੁਹੱਈਆ ਕਰਵਾਏ ਸਨ |
 ਅੰਤ ਵਿੱਚ ਧੰਨਵਾਦ ਦੇ ਸ਼ਬਦ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਕਹੇ | ਇਸ ਮੌਕੇ ਰਜਿਸਟਰਾਰ ਡਾ. ਮਾਨਇੰਦਰਾ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਸਹਿਯੋਗੀ ਕੰਪਟਰੋਲਰ ਡਾ. ਮੋਹਿਤ ਗੁਪਤਾ ਅਤੇ ਡਾ. ਵਿਸ਼ਾਲ ਬੈਕਟਰ ਵੀ ਮੌਜੂਦ ਸਨ |