ਪਰਾਲੀ ਪ੍ਰਬੰਧਨ ਦਾ ਹੋਕਾ ਦਿੰਦੀਆਂ ਵੈਨਾਂ ਡਿਪਟੀ ਕਮਿਸ਼ਨਰ ਵਲੋਂ ਰਵਾਨਾ

  • ਪਰਾਲੀ ਖੇਤਾਂ ਵਿੱਚ ਮਿਲਾਓ, ਉੱਗਣ ਸ਼ਕਤੀ ਵਧਾਓ ਦਾ ਦਿੱਤਾ ਸੱਦਾ
  • ਜ਼ਿਲ੍ਹੇ ਭਰ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨਗੀਆਂ ਵੈਨਾਂ

ਬਰਨਾਲਾ, 29 ਸਤੰਬਰ : ਜ਼ਿਲ੍ਹਾ ਬਰਨਾਲਾ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਰਾਲੀ ਪ੍ਰਬੰਧਨ ਬਾਰੇ ਮੁਹਿੰਮ ਜਾਰੀ ਹੈ, ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ 2 ਵੈਨਾਂ ਨੂੰ ਹਰੀ ਝੰਡੀ ਵਿਖਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਧਾਲੀਵਾਲ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਵੈਨਾਂ ਜ਼ਿਲ੍ਹੇ ਭਰ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨਗੀਆਂ ਤੇ ਕਿਸਾਨਾਂ ਨੂੰ 'ਪਰਾਲੀ ਖੇਤਾਂ ਵਿੱਚ ਮਿਲਾਓ, ਉੱਗਣ ਸ਼ਕਤੀ ਵਧਾਓ' ਅਤੇ 'ਪਰਾਲੀ ਸਾੜ ਕੇ ਮਹਿੰਗੇ ਤੱਤ ਨਾ ਗਵਾਓ' ਦਾ ਹੋਕਾ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਦੀ ਲੋੜ ਨਹੀਂ, ਸਗੋਂ ਇਸ ਤੋਂ ਕਮਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਜ਼ਮੀਨ ਦੀ ਭੌਤਿਕ ਹਾਲਤ ਵਿੱਚ ਸੁਧਾਰ ਹੁੰਦਾ ਹੈ। ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਵਿੱਚ ਵੀ ਸੁਧਾਰ ਹੁੰਦਾ ਹੈ ਜਿਸ ਨਾਲ ਹੌਲੀ-ਹੌਲੀ ਪੈਦਾਵਾਰ ਵਧਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜ਼ਮੀਨ, ਮਨੁੱਖ ਅਤੇ ਵਾਤਾਵਰਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਇਸ ਲਈ ਮਨੁੱਖੀ ਸਿਹਤ ਤੇ ਵਾਤਵਰਣ ਪ੍ਰਤੀ ਫ਼ਰਜ਼ ਨਿਭਾਈਏ। ਇਸ ਮੌਕੇ ਖੇਤੀਬਾੜੀ ਅਫ਼ਸਰ ਸੁਖਪਾਲ ਸਿੰਘ, ਏ ਡੀ ਓ ਜਸਵਿੰਦਰ ਸਿੰਘ, ਸੁਨੀਤਾ ਸ਼ਰਮਾ ਹਾਜ਼ਰ ਸਨ।