ਟੀਕਾਕਰਨ ਤੋਂ ਵਾਂਝੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਕੀਤਾ ਜਾਵੇਗਾ ਮੁਕੰਮਲ ਟੀਕਾਕਰਨ : ਸਿਵਲ ਸਰਜਨ ਬਰਨਾਲਾ

  • ਤੀਬਰ ਮਿਸ਼ਨ ਇੰਦਰਧਨੁਸ਼ :9 ਅਕਤੂਬਰ ਤੋਂ 14 ਅਕਤੂਬਰ ਤੱਕ ਕੀਤਾ ਜਾਵੇਗਾ ਟੀਕਾਕਰਨ: ਜ਼ਿਲ੍ਹਾ ਟੀਕਾਕਰਨ ਅਫ਼ਸਰ

ਬਰਨਾਲਾ, 09 ਅਕਤੂਬਰ : ਸਿਹਤ ਮੰਤਰੀ ਪੰਜਾਬ ਡਾ.. ਬਲਵੀਰ ਸਿੰਘ ਅਤੇ ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ 0 ਤੋਂ 5 ਸਾਲ ਤੱਕ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਵਿੱਚ ਟੀਕਾਕਰਨ 'ਚ ਰਹਿ ਗਏ ਪਾੜੇ ਨੂੰ ਪੂਰਨ ਲਈ 9 ਅਕਤੂਬਰ ਤੋਂ 14 ਅਕਤੂਬਰ ਤੱਕ ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਹੈ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ ਅਤੇ ਬਹਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ  ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਜ਼ਿਲ੍ਹਾ ਬਰਨਾਲਾ 'ਚ ਤਿੰਨ ਗੇੜਾਂ 'ਚ ਟੀਕਾਕਰਨ  ਕੀਤਾ ਜਾਵੇਗਾ। ਟੀਕਾਕਰਨ ਦਾ ਦੂਜਾ ਗੇੜ 9 ਤੋਂ 14 ਅਕਤੂਬਰ ਅਤੇ ਤੀਜਾ ਗੇੜ 20 ਤੋਂ 25ਨਵੰਬਰ ਤੱਕ ਮਨਾਇਆ ਜਾਵੇਗਾ। ਜਿਹੜੇ ਬੱਚੇ ਅਤੇ ਗਰਭਵਤੀ ਔਰਤਾਂ ਸਲੱਮ ਏਰੀਆ, ਭੱਠੇ,ਸੈਲਰ,ਜੇਲ੍ਹਾਂ,ਝੁੱਗੀ-ਝੋਪੜੀ,ਖੇਤਾਂ 'ਚ ਪ੍ਰਵਾਸੀ ਅਤੇ ਪੋਲਟਰੀ ਫਾਰਮ ਆਦਿ ਰਹਿ ਰਹੇ ਹਨ, ਜੋ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਅਧੂਰਾ ਟੀਕਾਕਰਨ ਹੋਇਆ ਹੈ, ਉਨ੍ਹਾਂ ਲਈ ਸਿਹਤ ਕਰਮਚਾਰੀਆਂ ਵੱਲੋਂ ਸਪੈਸਲ ਕੈਂਪ ਲਗਾ ਕੇ 100 ਪ੍ਰਤੀਸ਼ਤ ਟੀਕਾਕਰਨ ਕੀਤਾ ਜਾਵੇਗਾ। ਗੁਰਦੀਪ ਸਿੰਘ ਗਿੱਲ ਸਹਾਇਕ ਟੀਕਾਕਰਨ ਨੇ ਦੱਸਿਆ ਕਿ ਮੁਕੰਮਲ ਟੀਕਾਕਰਨ ਨਾਲ ਬੱਚਿਆਂ ਨੂੰ ਬਹਤ ਸਾਰੀਆਂ ਮਾਰੂ ਬਿਮਾਰੀਆਂ ਜਿਵੇਂ ਪੇਟਾਇਟਸ(ਪੀਲੀਆ),ਪੋਲੀਓ,ਤਪਦਿਕ ,ਅੰਧਰਾਤਾ ,ਗਲਘੋਟੂ ,ਕਾਲੀ ਖੰਘ , ਟੈਟਨਸ , ਨਮੂਨੀਆ ,ਦਿਮਾਗੀ ਬੁਖਾਰ , ਦਸਤ ,ਖਸਰਾ ਤੇ ਰੁਬੇਲਾ ਆਦਿ ਤੋਂ ਬਚਾਇਆ ਜਾ ਸਕਦਾ ਹੈ।ਜ਼ਿਲ੍ਹਾ ਬਰਨਾਲਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਪੰਜ ਸਾਲ ਤੋਂ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ  ਦੇ ਪੂਰਾ ਟੀਕਾਕਰਨ ਕਰਵਾਇਆ ਜਾਵੇ ਤਾਂ ਜੋ ਇਹਨਾਂ ਨੂੰ ਮੁਕੰਮਲ ਟੀਕਾਕਰਨ ਕਰਕੇ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।