ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਮੌਤ

ਮੱਖੂ, 02 ਜੂਨ :  ਮੱਖੂ ਦੇ ਨੇੜਲੇ ਪਿੰਡ ਭੂਪੇ ਵਾਲਾ ਵਿਖੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਇਸ ਹਾਦਸੇ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਛਪਾਲ ਸਿੰਘ ਵਾਸੀ  ਪਿੰਡ ਪੀਰਮੁਹੰਮਦ ਨੇ ਦੱਸਿਆ ਕਿ ਉਸ ਦਾ ਲੜਕਾ ਰਾਵਲ (22)  ਤੇ ਉਸਦਾ ਦੋਸਤ ਸੰਦੀਪ ਸਿੰਘ (20) ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਜੋਗੇਵਾਲ ਕਿਸੇ ਕੋਲ ਕਬੂਤਰ ਦੇਖਣ ਲਈ ਗਏ ਸਨ, ਜਿੰਨ੍ਹਾਂ ਨੂੰ ਲੋਹੀਆਂ ਰੋਡ ਤੇ ਪਿੰਡ ਭੂਪੇਵਾਲਾ ਕੋਲ ਕੋਈ ਅਣਪਛਾਤਾ ਵਹੀਕਲ ਟੱਕਰ ਮਾਰ ਕੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਸਦੇ ਲੜਕੇ ਰਾਵਲ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਸੰਦੀਪ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮੌਕੇ ਤੇ ਪੁੱਜੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਛਪਾਲ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਵਹੀਕਲ ਤੇ ਮਾਮਲਾ ਦਰਜ ਕਰਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।