ਦੁਬਈ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਮਹਿਲ ਕਲਾਂ, 26 ਦਸੰਬਰ (ਗੁਰਸੇਵਕ ਸਿੰਘ ਸਹੋਤਾ) : ਪਿੰਡ ਖੇੜੀ ਖੁਰਦ ਦੇ ਇਕ ਨੌਜਵਾਨ ਦੀ ਦੁਬਈ ਦੇ ਸ਼ਹਿਰ ਆਬੂਧਾਬੀ ਵਿਖੇ ਸੜਕ ਹਾਦਸੇ ’ਚ ਦੁੱਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਮੁੱਖ ਆਗੂ ਮਨਜੀਤ ਸਿੰਘ ਧਾਮੀ ਸ਼ੇਰਪੁਰ ਨੇ ਦੱਸਿਆ ਕਿ ਜਸਮੇਲ ਸਿੰਘ ਵਾਸੀ ਖੇੜੀ ਖੁਰਦ ਦਾ ਸਪੁੱਤਰ ਬਚਿੱਤਰ ਸਿੰਘ (22) ਉਰਫ਼ ਮਾਲੀ 6 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਦੇ ਸ਼ਹਿਰ ਆਬੂਧਾਬੀ ਵਿਖੇ ਗਿਆ ਸੀ ਪਰ ਬੀਤੇ ਦਿਨ ਬਚਿੱਤਰ ਸਿੰਘ ਉਰਫ ਮਾਲੀ ਦੀ ਸੜਕ ਹਾਦਸੇ ’ਚ ਦੁੱਖਦਾਈ ਮੌਤ ਹੋ ਗਈ। ਮਨਜੀਤ ਸਿੰਘ ਧਾਮੀ ਨੇ ਦੱਸਿਆ ਕਿ ਬਚਿੱਤਰ ਸਿੰਘ ਮਾਲੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਭੈਣਾਂ ਦਾ ਇਕੱਲਾ ਭਰਾ ਸੀ। ਉਨ੍ਹਾਂ ਦੱਸਿਆ ਕਿ ਅਜੇ ਮ੍ਰਿਤਕ ਦੀ ਲਾਸ਼ ਦੁਬਈ ਵਿਖੇ ਹੀ ਹੈ, ਜਿਸ ਨੂੰ ਪੰਜਾਬ ਲਿਆਉਣ ਲਈ ਯਤਨ ਕੀਤਾ ਜਾ ਰਿਹਾ ਹੈ, ਜਿਸ ਦਾ ਅੰਤਿਮ ਸੰਸਕਾਰ ਪਿੰਡ ਖੇੜੀ ਖੁਰਦ ਵਿਖੇ ਹੀ ਕੀਤਾ ਜਾਵੇਗਾ। ਨੌਜਵਾਨ ਬਚਿੱਤਰ ਸਿੰਘ ਦੀ ਬੇਵਕਤੀ ਮੌਤ ’ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਅਰਵਿੰਦ ਖੰਨਾ, ਭਾਜਪਾ ਕਿਸਾਨ ਵਿੰਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਰਾਮਨਗਰ ਛੰਨਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ।