ਆਨੰਦਪੁਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਬਹੁਤ ਹੀ ਦੁਖਦਾਈ ਹੈ : ਸਪੀਕਰ ਸੰਧਵਾਂ

ਸ਼੍ਰੀ ਆਨੰਦਪੁਰ ਸਾਹਿਬ : ਸ਼੍ਰੀ ਅਨੰਦਪੁਰ ਸਾਹਿਬ ਹੋਲਾ-ਮੁਹੱਲਾ ਦੌਰਾਨ ਨਿਹੰਗ ਪਹਿਰਾਵੇ ਵਿੱਚ ਪਹੁੰਚੇ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਲਤਾਰ ਸਿੰਘ ਸੰਧਵਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਆਨੰਦਪੁਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ। ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਵਿੱਤਰ ਮੇਲਿਆਂ ਅਤੇ ਲੜਾਈ-ਝਗੜੇ, ਕਤਲ ਅਤੇ ਗੁੰਡਾਗਰਦੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਣ ਲਈ ਗੁਰੂ ਸਾਹਿਬ ਤੋਂ ਸੇਧ ਲੈ ਕੇ ਸਾਦਾ, ਮਿੱਠਾ, ਹਲੀਮੀ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਿਸ਼ਤੇਦਾਰ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਅੜੇ ਹੋਏ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਪ੍ਰਦੀਪ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ‘ਤੇ ਮਨਾਏ ਜਾ ਰਹੇ ਕੌਮੀ ਤਿਉਹਾਰ ਹੋਲੇ ਮੁਹੱਲੇ ਦੌਰਾਨ ਸੋਮਵਾਰ ਰਾਤ ਨੂੰ ਪਿੰਡ ਬਢਲ ਨੇੜੇ ਨੂਰਪੁਰਬੇਦੀ ਦੇ ਨੌਜਵਾਨਾਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਿੱਖ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਗੈਂਗ ਵਾਰ ਦੀ ਇੱਕ ਹੋਰ ਸੰਭਾਵਿਤ ਘਟਨਾ ਨੂੰ ਦੇਖਦੇ ਹੋਏ ਪੁਲਿਸ ਨੇ ਪੂਰੇ ਹੋਲਾ-ਮੁਹੱਲਾ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ।