“ਪੰਜਾਬ ਸਰਕਾਰ ਤੁਹਾਡੇ ਦੁਆਰ” ਤਹਿਤ ਮੁੱਖ ਮੰਤਰੀ ਸਰਬਤ ਸਿਹਤ ਬੀਮਾ ਯੋਜਨਾਂ ਦੇ ਬਣਾਏ ਜਾਣਗੇ ਕਾਰਡ : ਸਿਵਲ ਸਰਜਨ

  • ਸਰਬਤ ਸਿਹਤ ਬੀਮਾ ਯੋਜਨਾ ਤਹਿਤ 1 ਲੱਖ 75 ਹਜ਼ਾਰ ਲਾਭਪਾਤਰੀਆਂ ਦਾ ਹੋਇਆ ਮੁਫ਼ਤ ਇਲਾਜ

ਪਟਿਆਲਾ,, 1 ਜੂਨ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਪੰਜਾਬ ਸਰਕਾਰ ਤੁਹਾਡੇ ਦੁਆਰ” ਤਹਿਤ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਰਬਤ ਸਿਹਤ ਬੀਮਾ ਯੋਜਨਾਂ ਦੇ ਅਧੀਨ ਲਾਭਪਾਤਰੀਆਂ ਦੇ ਈ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਹਲਕਾ ਪਟਿਆਲਾ ਦਿਹਾਤੀ ਦੇ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਇਹ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਅਨੁਸਾਰ 3 ਜੂਨ ਨੂੰ ਪਿੰਡ ਲਚਕਾਣੀ , 4 ਜੂਨ ਨੂੰ ਦੰਦਰਾਲਾ ਖਰੌੜ, 6 ਜੂਨ ਨੂੰ ਹਰਦਾਸਪੁਰ, 7 ਜੂਨ ਨੂੰ ਰੋਹਟਾ, 10 ਜੂਨ ਨੂੰ ਰੋਹਟੀ ਮੌੜਾਂ, 11 ਜੂਨ ਨੂੰ ਲੁਬਾਣਾ ਕਰਮੂ/ ਲੁਬਾਣਾ ਟੇਕੂ, 13 ਜੂਨ ਨੂੰ ਕੈਦੂਪੁਰ, 14 ਜੂਨ ਨੂੰ ਸਿਊਣਾਂ, 17 ਜੂਨ ਨੂੰ ਨੰਦਪੁਰ ਕੇਸ਼ੋ, 18 ਜੂਨ ਨੂੰ ਚਲੈਲਾ, 20 ਜੂਨ ਨੂੰ ਸਿੰਬੜੋ, 21 ਜੂਨ ਨੂੰ ਘਮਰੌਦਾ, 24 ਜੂਨ ਨੂੰ ਰੋਹਟੀ ਖਾਸ, 25 ਜੂਨ ਨੂੰ ਮੰਡੌਰ, 27 ਜੂਨ ਨੂੰ ਸਿੱਧੂਵਾਲ, 28 ਜੂਨ ਜੱਸੋਵਾਲ ਅਤੇ 30 ਜੂਨ ਨੂੰ ਲੋਟ ਵਿਖੇ ਸਵੇਰੇ 5:30 ਵਜੇ ਤੋਂ ਲੈ ਕੇ 10:00 ਵਜੇ ਤੱਕ ਕੈਂਪ ਲਗਾ ਕੇ ਕਾਰਡ ਬਣਾਏ ਜਾਣਗੇ। ਜਦੋਂ ਕਿ ਪਿੰਡ ਲੰਗ, ਹਿਆਣਾਂ ਕਲਾਂ ਅਤੇ ਇੱਛੇਵਾਲ ਵਿਖੇ ਲਗਾਏ ਗਏ ਕੈਂਪਾਂ ਵਿੱਚ 350 ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਰਬਤ ਸਿਹਤ ਬੀਮਾ ਯੋਜਨਾਂ, ਜਿਸ ਤਹਿਤ ਰਜਿਸਟਰਡ ਲਾਭਪਾਤਰੀਆਂ ਦਾ ਹਸਪਤਾਲ ਵਿੱਚ ਦਾਖਲ ਹੋਣ ’ਤੇ ਪਰਿਵਾਰਕ ਮੈਂਬਰਾਂ ਦਾ ਸਲਾਨਾ 5 ਲੱਖ ਤੱਕ ਦਾ ਮੁਫ਼ਤ ਇਲਾਜ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ ਲਗਭਗ 2,90,218 ਰਜਿਸਟਰਡ ਪਰਿਵਾਰਾਂ ਵਿੱਚੋਂ 2,44,457 ਪਰਿਵਾਰਾਂ ਦੇ 5,58,128 ਮੈਂਬਰਾਂ ਦੇ ਕਾਰਡ ਬਣੇ ਹੋਏ ਹਨ, ਜਦ ਕਿ ਰਜਿਸਟਰਡ ਪਰਿਵਾਰਾਂ ਦੇ ਹਰੇਕ ਮੈਂਬਰ ਦਾ ਕਾਰਡ ਬਣਨਾ ਜ਼ਰੂਰੀ ਹੈ। ਇਸ ਲਈ ਉਹਨਾਂ ਸਮੂਹ ਰਹਿੰਦੇ ਲਾਭਪਾਤਰੀਆਂ ਨੂੰ ਆਪਣੇ ਏਰੀਏ ਵਿੱਚ ਲੱਗਣ ਵਾਲੇ ਕੈਂਪਾਂ ਵਿੱਚ ਜਾ ਕੇ ਕਾਰਡ ਬਣਾਉਣ ਦੀ ਅਪੀਲ ਕੀਤੀ, ਤਾਂ ਜੋ ਯੋਗ ਲਾਭ ਪਾਤਰੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਕਾਰਡ ਬਨਵਾਉਣ ਲਈ ਕੈਂਪ ’ਤੇ ਜਾਣ ਸਮੇਂ ਯੋਗ ਲਾਭਪਾਤਰੀਆਂ ਨੂੰ ਆਪਣਾ ਅਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ (ਛੋਟੇ ਵਪਾਰੀ) ਆਦਿ ਵਿੱਚੋਂ ਕੋਈ ਇੱਕ ਦਸਤਾਵੇਜ਼ ਨਾਲ ਲੈ ਕੇ ਜਾਣਾ ਜ਼ਰੂਰੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹੇ ਦੇ 1,75,117 ਲਾਭਪਾਤਰੀਆਂ ਦਾ ਲਗਭਗ 154.65 ਕਰੋੜ ਰੁਪਏ ਤੱਕ ਦਾ ਮੁਫ਼ਤ ਇਲਾਜ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਕਰਵਾਇਆ ਜਾ ਚੁੱਕਾ ਹੈ।