ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਬੈਂਕਾਂ ਰਾਹੀਂ ਮੁਹੱਈਆ ਕਰਵਾਈ ਜਾਂਦੀ ਹੈ ਕਰਜ਼ੇ ਦੀ ਸਹੂਲਤ-ਡਿਪਟੀ ਕਮਿਸ਼ਨਰ

  • ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ 39 ਲਾਭਪਾਤਰੀਆਂ ਨੂੰ 02 ਕਰੋੜ 87 ਲੱਖ 15 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ ਵੱਖ ਵੱਖ ਬੈਂਕਾਂ ਤੋਂ

ਮਾਲੇਰਕੋਟਲਾ 22 ਸਤੰਬਰ : ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ (ਪੀ.ਐੱਮ.ਈ.ਜੀ.ਪੀ.) ਚਲਾਈ ਜਾ ਰਹੀ ਹੈ। ਇਸ ਯੋਜਨਾਂ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ 39 ਲਾਭਪਾਤਰੀਆਂ ਨੂੰ ਕਰੀਬ 02 ਕਰੋੜ 87 ਲੱਖ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ  ਵੱਖ ਵੱਖ ਬੈਂਕਾਂ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ ।ਉਨ੍ਹਾਂ ਕਿਹਾ ਕਿ ਬੈਂਕਾਂ ਅਤੇ ਸਬੰਧਤ ਵਿਭਾਗਾਂ ਦੀਆਂ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਜਲਦ ਹੀ ਵਿੱਤੀ ਸਹਾਇਤਾ ਜਾਰੀ ਕਰ ਦਿੱਤੇ ਜਾਵੇਗੀ । ਉਨ੍ਹਾਂ ਕਿਹਾ ਇਸ ਸਕੀਮ ਅਧੀਨ ਚਾਹਵਾਨ ਉਮੀਦਵਾਰਾਂ ਨੂੰ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਬੈਂਕਾਂ ਰਾਹੀਂ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਵਾਲੇ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਆਮਦਨ ਦੀ ਕੋਈ ਸੀਮਾ ਨਹੀਂ ਰੱਖੀ ਗਈ ਹੈ। 5 ਲੱਖ ਤੋਂ ਵੱਧ ਲਾਗਤ ਵਾਲੇ ਪ੍ਰਾਜੈਕਟ ਦੇ ਉੱਦਮੀ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਅੱਠਵੀਂ ਪਾਸ ਹੋਣੀ ਚਾਹੀਦੀ ਹੈ ਅਤੇ 5 ਲੱਖ ਤੋਂ ਘੱਟ ਲਾਗਤ ਵਾਲੇ ਪ੍ਰਾਜੈਕਟ ਦਾ ਲਾਭ ਆਰਟੀਕਲ (ਕਲਾ ਕ੍ਰਿਤੀ)/ਸੇਵਾ ਖੇਤਰ ਦੇ ਉੱਦਮੀ ਵੀ ਲੈ ਸਕਦੇ ਹਨ। ਇਸ ਸਕੀਮ ਅਧੀਨ ਸਰਵਿਸ/ਬਿਜ਼ਨਸ ਲਈ 10 ਲੱਖ ਰੁਪਏ ਅਤੇ ਇੰਡਸਟਰੀ ਐਕਟੀਵਿਟੀ ਲਈ 25 ਲੱਖ ਰੁਪਏ ਤੱਕ ਦਾ ਉਦਯੋਗ ਸਥਾਪਿਤ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਨਵੀਂ ਸੂਖਮ ਇਕਾਕੀਆਂ ਸਥਾਪਿਤ ਕਰਨ ਲਈ ਨਿਰਮਾਣ ਗਤੀਵਿਧੀਆਂ ਲਈ 50 ਲੱਖ ਅਤੇ ਸੇਵਾ ਖੇਤਰ ਦੇ ਲਈ 20 ਲੱਖ ਰੁਪਏ ਦੀ ਵਿੱਤੀ ਸਹਾਇਤਾ ਸਬਸਿਡੀ ਤੇ ਮੁਹੱਈਆ ਕਰਵਾਈ ਜਾਂਦੀ ਹੈ । ਜਿਸ ਵਿੱਚ ਉੱਦਮੀ ਵੱਲੋਂ ਆਪਣਾ ਯੋਗਦਾਨ ਜਨਰਲ ਸ਼੍ਰੇਣੀ ਲਈ 10% ਅਤੇ ਬਾਕੀ ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ/ਘੱਟ ਗਿਣਤੀ/ਔਰਤਾਂ/ਸਾਬਕਾ ਫ਼ੌਜੀ/ਦਿਵਿਆਂਗਜਨ/ਬਾਰਡਰ ਏਰੀਆ ਨਾਲ ਸਬੰਧਤ ਉਮੀਦਵਾਰਾਂ ਲਈ 5% ਹੋਵੇਗਾ। ਇਸੇ ਤਰ੍ਹਾਂ ਪ੍ਰਾਜੈਕਟ ਸਥਾਪਿਤ ਕਰਨ ਉਪਰੰਤ ਸ਼ਹਿਰੀ ਖੇਤਰ ਲਈ ਜਨਰਲ ਸ਼੍ਰੇਣੀ ਵਾਸਤੇ 15%, ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ/ਘੱਟ ਗਿਣਤੀ/ਔਰਤਾਂ/ਸਾਬਕਾ ਫ਼ੌਜੀ/ਦਿਵਿਆਂਗਜਨ/ਬਾਰਡਰ ਏਰੀਆ ਨਾਲ ਸਬੰਧਤ ਉੱਦਮੀਆਂ ਲਈ 25%, ਪੇਂਡੂ ਖੇਤਰ ਲਈ ਜਨਰਲ ਸ਼੍ਰੇਣੀ ਵਾਸਤੇ 25% ਅਤੇ ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ/ਘੱਟ ਗਿਣਤੀ/ਔਰਤਾਂ/ਸਾਬਕਾ ਫ਼ੌਜੀ/ਦਿਵਿਆਂਗਜਨ/ਬਾਰਡਰ ਏਰੀਆ ਨਾਲ ਸਬੰਧਤ ਉੱਦਮੀਆਂ ਲਈ 35% ਸਬਸਿਡੀ ਉਪਲਬਧ ਹੋਵੇਗੀ।  ਜਰਨਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ ਮਾਲੇਰਕੋਟਲਾ ਮੁਹੰਮਦ ਸ਼ਾਹਿਦ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਨੂੰ ਈ. ਡੀ. ਪੀ. ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਚਾਹਵਾਨ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.kviconline.gov.in ਆੱਨ-ਲਾਈਨ ਅਪਲਾਈ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਦਫ਼ਤਰ ਜਰਨਲ ਮੈਨੇਜਰ ਉਦਯੋਗ ਮਾਲੇਰਕੋਟਲਾ ਵਿਖੇ ਦਫ਼ਤਰੀ ਸਮੇਂ ਦੌਰਾਨ ਕਰ ਸਕਦੇ ਹਨ । ਉਨ੍ਹਾਂ ਹੋਰ ਦੱਸਿਆ ਕਿ ਖਾਦੀ ਦੇ ਉਤਪਾਦ ਖ਼ਰੀਦਣ ਲਈ ਆਨਲਾਈਨ www.khadiindia.gov.in ਤੋਂ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਸਕੀਮ ਸਬੰਧੀ  ਹਰੇਕ ਐਤਵਾਰ ਨੂੰ ਨਵੇਂ ਕਾਰੋਬਾਰੀ ਤਰੀਕੇ ਸਿੱਖਣ ਲਈ www.udyami.org.in/workshop ਤੇ ਰਾਬਤਾ ਕੀਤੀ ਜਾ ਸਕਦੀ ਹੈ