ਬੇਕਾਬੂ ਕਾਰ ਛੱਪੜ ਵਿਚ ਡਿੱਗੀ, ਕਾਰ ਚਾਲਕ ਸਮੇਤ ਦੋ ਦੀ ਮੌਤ

ਫਗਵਾੜਾ, 20 ਦਸੰਬਰ : ਨੇੜਲੇ ਪਿੰਡ ਬਹੂਆ 'ਚ ਇੱਕ ਬੇਕਾਬੂ ਕਾਰ ਛੱਪੜ ਵਿਚ ਡਿੱਗ ਗਈ। ਜਿਸ ਕਾਰਨ ਕਾਰ ਚਾਲਕ ਅਤੇ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਇੰਦਰਜੀਤ ਸਿੰਘ(42) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬਗਵਾਈ (ਗੜ੍ਹਸ਼ੰਕਰ) ਤੇ ਉਸ ਦੀ ਮਾਸੀ ਪ੍ਰਸ਼ੌਤਮ ਕੌਰ ਵਾਸੀ ਸੋਨਾ ਬਰਨਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਕਾਰ ਜੋ ਬਹਿਰਾਮ ਸਾਈਡ ਤੋਂ ਫਗਵਾੜਾ ਸਾਈਡ ਵੱਲ ਜਾ ਰਹੀ ਸੀ, ਜਿਸ ਨੂੰ ਇੰਦਰਜੀਤ ਸਿੰਘ(42) ਚਲਾ ਰਿਹਾ ਸੀ, ਕਾਰ ਚਾਲਕ ਦੀ ਪਤਨੀ ਹਰਪ੍ਰੀਤ ਕੌਰ, ਉਸ ਦੀ ਮਾਸੀ ਪ੍ਰਸ਼ੌਤਮ ਕੌਰ  ਅਤੇ ਚਾਲਕ ਦਾ ਪੁੱਤਰ ਗੁਰਬਾਜ ਸਿੰਘ(7) ਸਵਾਰ ਸਨ। ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀ ਸਿਹਤ ਇਕਦਮ ਵਿਗੜ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਪਿੰਡ ਬਹੂਆ ਦਾ ਜੋ ਡੂੰਘਾ ਛੱਪੜ ਹੈ ਉਸ ਵਿਚ ਜਾ ਡਿੱਗੀ। ਪੁਲਿਸ ਨੇ ਬਹੂਆ ਨਿਵਾਸੀਆਂ ਅਤੇ ਰਾਹਗੀਰਾਂ ਦੀ ਸਹਾਇਤਾ ਨਾਲ ਸਾਨੂੰ ਬਾਹਰ ਕੱਢਿਆ । ਕਾਰ ਚਾਲਕ ਇੰਦਰਜੀਤ ਸਿੰਘ ਅਤੇ ਉਸ ਦੀ ਮਾਸੀ ਪ੍ਰਸ਼ੌਤਮ ਕੌਰ ਨੂੰ ਕਾਫੀ ਜੱਦੋ ਜਹਿਦ ਨਾਲ ਛੱਪੜ ਵਿਚ ਡਿੱਗੀ ਕਾਰ ਵਿਚੋਂ ਬਾਹਰ ਕੱਢਿਆ ਅਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਡਾਕਟਰਾਂ ਦੀ ਟੀਮ ਵਲੋਂ ਮ੍ਰਿਤਕ ਘੌਸ਼ਿਤ ਕੀਤਾ ਗਿਆ।