ਯੂ.ਕੇ. ਤੋਂ ਵਿਦਵਾਨਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਦਿੱਤੇ ਭਾਸ਼ਣ, ਮਨੋਰੋਗਾਂ ਨਾਲ਼ ਸੰਬੰਧਤ ਖੋਜ ਦੀਆਂ ਵਿਧੀਆਂ ਉੱਤੇ ਕੀਤੀ ਚਰਚਾ

ਪਟਿਆਲਾ, 23 ਫਰਵਰੀ : ਯੂ.ਕੇ. ਦੇ ਕੈਂਟ ਐਂਡ ਮੈੱਡਵੇਅ ਮੈਡੀਕਲ ਸਕੂਲ ਕੈਂਟਰਬੱਰੀ ਤੋਂ ਪੁੱਜੇ ਦੋ ਮਨੋ-ਚਿਕਿਤਸਾ ਮਾਹਿਰਾਂ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੇ ਵਿਸ਼ੇ ਨਾਲ਼ ਜੁੜੀ ਖੋਜ ਦੇ ਹਵਾਲੇ ਨਾਲ ਗੱਲਾਂ ਕੀਤੀਆਂ। ਪ੍ਰੋ. ਲਿਜ਼ਾ ਡਿਕੋਮਿਟਸ ਅਤੇ ਪ੍ਰੋ. ਸੁੱਖੀ ਸ਼ੇਰਗਿੱਲ ਵੱਲੋਂ ਮਨੋ ਰੋਗਾਂ ਨਾਲ਼ ਸੰਬੰਧਤ ਉਲਝਣਾਂ ਅਤੇ ਉਨ੍ਹਾਂ ਦੇ ਹੱਲ ਲਈ ਖੋਜ ਦੇ ਪੱਧਰ ਉੱਤੇ ਕੰਮ ਕਰਨ ਹਿਤ ਪ੍ਰੋਫੈਸ਼ਨਲ ਅਤੇ ਵਿਹਾਰਕ ਵਿਧੀਆਂ ਬਾਰੇ ਚਰਚਾ ਕੀਤੀ। ਇਹ ਪ੍ਰੋਗਰਾਮ ਐੱਨ. ਐੱਸ. ਐੱਸ. ਵਿਭਾਗ ਵੱਲੋਂ ਮਨੋਵਿਗਿਆਨ ਵਿਭਾਗ, ਸਮਾਜ ਵਿਗਿਆਨ ਵਿਭਾਗ ਅਤੇ ਪਬਲੀਕੇਸ਼ਨ ਬਿਊਰੋ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋ. ਲਿਜ਼ਾ ਡਿਕੋਮਿਟਸ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਨੋ-ਰੋਗਾਂ ਨਾਲ ਜੁੜੇ ਮਰੀਜ਼ਾਂ ਦੇ ਇਲਾਜ ਅਤੇ ਇਲਾਜ-ਪੱਧਤੀਆਂ ਸੰਬੰਧੀ ਖੋਜ ਬਾਰੇ ਵੱਖ-ਵੱਖ ਵਿਧੀਆਂ ਉੱਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸੰਬੰਧਤ ਮਰੀਜ਼ ਨੂੰ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਅਤੇ ਪ੍ਰਸੰਗ ਵਿੱਚ ਸਮਝਣਾ ਲਾਜ਼ਮੀ ਹੁੰਦਾ ਹੈ। ਪ੍ਰੋ. ਸੁੱਖੀ ਸ਼ੇਰਗਿੱਲ, ਜੋ ਕਿ ਪੰਜਾਬੀ ਮੂਲ ਦੇ ਹਨ, ਵੱਲੋਂ ਇਸ ਮੌਕੇ ਗੱਲਬਾਤ ਦੌਰਾਨ ਵਿਦਿਆਰਥੀਆਂ ਨਾਲ਼ ਸਿੱਧਾ ਰਾਬਤਾ ਕਾਇਮ ਕਰਦਿਆਂ ਵੱਖ-ਵੱਖ ਮਨੋਰੋਗਾਂ ਦੀ ਪਛਾਣ ਅਤੇ ਉਨ੍ਹਾਂ ਇਲਾਜ ਬਾਰੇ ਵਿਹਾਰਕ ਨੁਕਤੇ ਸਾਂਝੇ ਕੀਤੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ਼ ਅਕਾਦਮਿਕ ਸਾਂਝ ਪਾਉਣ ਦੀ ਇੱਛਾ ਵੀ ਪ੍ਰਗਟਾਈ। ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਾਨੂੰ ਵਿਦੇਸ਼ੀ ਅਦਾਰਿਆਂ ਦੇ ਮਾਹਿਰਾਂ ਨਾਲ਼ ਜੁੜ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਸ਼਼ਲਾਘਾ ਕੀਤੀ ਕਿ ਇਹ ਇੱਕ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਹੈ। ਪ੍ਰੋਗਰਾਮ ਦੇ ਸਵਾਗਤੀ ਸ਼ਬਦ ਡਾ. ਮਮਤਾ ਸ਼ਰਮਾ ਵੱਲੋਂ ਬੋਲੇ ਗਏ ਅਤੇ ਧੰਨਵਾਦ ਡਾ. ਦੀਪਕ ਕੁਮਾਰ ਵੱਲੋਂ ਕੀਤਾ ਗਿਆ। ਪਬਲੀਕੇਸ਼ਨ ਬਿਊਰੋ ਮੁਖੀ ਡਾ. ਸੁਰਜੀਤ ਸਿੰਘ ਵੱਲੋਂ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ ਗਈ।