ਸੰਗਰੂਰ 'ਚ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ 

ਸੰਗਰੂਰ, 28 ਅਕਤੂਬਰ 2024 : ਸੰਗਰੂਰ ਸ਼ਹਿਰ ਦੇ ਨਾਨਕਿਆਣਾ ਚੌਂਕ ਵਿੱਚ ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਇੱਕ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਤਿੰਨ ਦੋਸਤ ਜਸਕਰਨ ਸਿੰਘ ਜੱਸੂ, ਲਵਦੀਪ ਸਿੰਘ ਲਵੀ ਤੇ ਤਰਸੇਮ ਸਿੰਘ ਸੰਗਰੂਰ ਵਿਖੇ ਕੱਪੜੇ ਲੈਣ ਲਈ ਗਏ ਸਨ, ਜਿਸ ਤੋਂ ਬਾਅਦ ਉਹ ਤਿੰਨੋ ਐਸਯੂਵੀ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਮੰਗਵਾਲ ਨੂੰ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਨਾਨਕਿਆਣਾ ਚੌਂਕ ਵਿੱਚ ਕਿਸੇ ਅਵਾਰਾ ਪਸ਼ੂ ਨਾਲ ਟਕਰਾ ਗਈ, ਜਿਸ ਕਾਰਨ ਲਵਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ, ਜਸਕਰਨ ਸਿੰਘ ਅਤੇ ਤਰਸੇਮ ਸਿੰਘ ਨੂੰ ਗੰਭੀਰ ਹਾਲਤ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਜਸਕਰਨ ਸਿੰਘ ਦੀ ਵੀ ਮੌਤ ਹੋ ਗਈ। ਤਰਸੇਮ ਸਿੰਘ ਦੀ ਹਾਲਤ ਜਿਆਦਾ ਗੰਭੀਰ ਹੋਣ ਕਰਕੇ ਪਟਿਆਲਾ ਵਿਖੇ ਰੈਫਰ ਕਰਦਿੱਤਾ ਗਿਆ।ਇਸ ਸੰਬੰਧੀ ਥਾਣਾ ਸਿਟੀ ਸੰਗਰੂਰ ਦੇ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੱਡੀ ਦੇ ਸਾਹਮਣੇ ਕੋਈ ਬੇਸਹਾਰਾ ਪਸ਼ੂ ਆਉਣ ਕਾਰਨ ਇਹ ਬੇਕਾਬੂ ਹੋ ਕੇ ਗੱਡੀ ਨਾਲ ਟਕਰਾ ਗਿਆ। ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ 194 ਬੀ.ਐਨ.ਐਸ.ਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।