ਗੁੱਜਰਵਾਲ ਨੇੜੇ ਹੋਏ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਡੇਹਲੋਂ , 13 ਮਾਰਚ : ਡੇਹਲੋਂ ਤੋਂ ਪੱਖੋਵਾਲ ਰੋਡ ਤੇ ਗੁੱਜਰਵਾਲ ਦੇ ਨਜ਼ਦੀਕ ਹੋਏ ਇੱਕ ਭਿਆਨਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ, ਕਿ ਉਨ੍ਹਾਂ ਨੂੰ ਇੱਕ ਤੇਜ ਟਰਾਲੇ ਨੇ ਕੁਚਲ ਦਿੱਤਾ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਦੂਸਰੇ ਨੌਜਵਾਨ ਦੀ ਇਲਾਜ ਲਈ ਹਸਪਤਾਲ ਲਿਜਾਦਿਆਂ ਰਸਤੇ ਐਬੂਲੈਂਸ ਵਿੱਚ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਆਸ-ਪਾਸ ਦੇ ਲੋਕ ਜ਼ਖਮੀਆਂ ਨੂੰ ਸੜਕ ਕਿਨਾਰੇ ਲੈ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਜਗਜੀਵਨ ਸਿੰਘ ਉਰਫ਼ ਬੱਬੂ ਵਾਸੀ ਗੁੱਜਰਵਾਲ ਅਤੇ ਮਨਿੰਦਰ ਸਿੰਘ ਮਨੀ ਵਾਸੀ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਵਜੋਂ ਹੋਈ ਹੈ।ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।