ਚੰਦਰਯਾਨ 3 ਦੇ ਲਾਂਚ ਨੂੰ ਦੇਖਣ ਲਈ ਸਕੂਲ ਆਫ ਐਮੀਨੈਂਸ ਰਾਮਸਰਾ ਦੇ ਦੋ ਵਿਦਿਆਰਥੀਆਂ ਦੀ ਹੋਈ ਚੋਣ

ਫਾਜਿਲਕਾ 13 ਜੁਲਾਈ : ਸਕੂਲ ਆਫ ਐਮੀਨੈਂਸ (SOE) ਦੇ ਵਿਦਿਆਰਥੀਆਂ ਲਈ ਸਿੱਖਣ ਦਾ ਸਭ ਤੋਂ ਵਧੀਆ ਅਨੁਭਵ ਪ੍ਰਦਾਨ ਕਰਨ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇੱਕ ਵਿਗਿਆਨਕ ਦ੍ਰਿਸ਼ਟੀ ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਕੂਲ ਆਫ ਐਮੀਨੈਂਸ (SOE) ਦੇ 40 ਵਿਦਿਆਰਥੀ ਚੰਦਰਯਾਨ 3 ਦੇ ਲਾਂਚ ਨੂੰ ਦੇਖਣ ਲਈ ਸ਼੍ਰੀਹਰੀਕੋਟਾ ਲਈ ਰਵਾਨਾ ਹੋ ਰਹੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਨਵਜੋਤ ਕੌਰ ਖੈਹਰਾ ਨੇ ਦੱਸਿਆ ਕਿ ਚੰਦਰਯਾਨ 3 ਦੇ ਲਾਂਚ ਨੂੰ ਦੇਖਣ ਲਈ ਸਕੂਲ ਆਫ ਐਮੀਨੈਂਸ ਰਾਮਸਰਾ (ਫਾਜ਼ਿਲਕਾ) ਦੇ ਦੋ ਵਿਦਿਆਰਥੀਆਂ ਦੀ ਚੋਣ ਹੋਈ ਹੈ। ਜਿਹੜੇ ਦੋ ਵਿਦਿਆਰਥੀ ਚੁਣੇ ਗਏ ਹਨ, ਉਹਨਾਂ ਵਿੱਚੋਂ ਦੀਪਇੰਦਰ ਸਿੰਘ ਪੁੱਤਰ ਸ਼੍ਰੀ ਮਹਿੰਦਰ ਸਿੰਘ ਦਾ ਸਟੇਟ ਵਿੱਚੋਂ ਦੂਸਰਾ ਰੈਂਕ ਹੈ ਅਤੇ ਕਰਨਦੀਪ ਪੁੱਤਰ ਸ਼੍ਰੀ ਅਮਰਜੀਤ ਦਾ ਸਟੇਟ ਵਿੱਚੋਂ ਪੰਜਵਾਂ ਰੈਂਕ ਹੈ। ਇਸ ਤਿੰਨ ਦਿਨ ਦੀ ਯਾਤਰਾ 'ਤੇ, ਚੁਣੇ ਹੋਏ ਵਿਦਿਆਰਥੀ ਸ਼੍ਰੀਹਰੀਕੋਟਾ ਦੀ ਪੂਰੀ ਸੁਵਿਧਾ ਵੀ ਦੇਖਣਗੇ ਅਤੇ ਸਪੇਸ ਟੈਕਨਾਲੋਜੀ @isro ਵਿੱਚ ਭਾਰਤ ਦੀ ਤਰੱਕੀ ਬਾਰੇ ਸਿੱਖਣਗੇ। ਪ੍ਰਿੰਸੀਪਲ ਸ਼੍ਰੀ ਮਤੀ ਨਵਜੋਤ ਕੌਰ ਖੈਹਰਾ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵਿਦਿਆਰਥੀਆਂ ਦੇ ਨਾਲ ਹੋਣਗੇ।