ਸੇਵੋਤਮ ਤਹਿਤ ਮਗਸੀਪਾ ਵੱਲੋਂ ਦੋ ਰੋਜ਼ਾ ਟ੍ਰੇਨਿੰਗ

ਬਰਨਾਲਾ, 5 ਅਕੂਤਬਰ : ਰੀਜਨਲ ਸੈਂਟਰ ਮਗਸੀਪਾ ਪਟਿਆਲਾ (ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਫਾਰ ਪਬਲਿਕ ਐਡਮਿਨਿਸਟ੍ਰੇਸ਼ਨ) ਵੱਲੋਂ ਸੇਵੋਤਮ ਤਹਿਤ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਸਥਾਨਕ ਰੈੱਡ ਕਰਾਸ ਭਵਨ, ਬਰਨਾਲਾ ਵਿਖੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵਾਸਤੇ ਦੋ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋਕ ਸ਼ਿਕਾਇਤ ਨਿਵਾਰਣ (ਪੀ.ਜੀ.ਆਰ.ਐੱਸ.), ਲੋਕ ਸੂਚਨਾ ਅਧਿਕਾਰ (ਆਰ.ਟੀ.ਆਈ.) ਤੇ ਹੋਰ ਮਹੱਤਵਪੂਰਣ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਜੈਕਟ ਕੋਆਰਡੀਨੇਟਰ ਮਗਸੀਪਾ ਪਟਿਆਲਾ ਸ੍ਰੀ ਅਮਰਜੀਤ ਸਿੰਘ ਨੇ ਇਸ ਟ੍ਰੇਨਿੰਗ ਦੀ ਮਹੱਤਤਾ ਅਤੇ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਅਸੀਂ ਇਸ ਟ੍ਰੇਨਿੰਗ ਨੂੰ ਅਮਲ ਵਿੱਚ ਲਿਆ ਕੇ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇ ਸਕਦੇ ਹਾਂ। ਪਹਿਲੇ ਦਿਨ ਟ੍ਰੇਨਿੰਗ ਵਿੱਚ ਲੋਕ ਸ਼ਿਕਾਇਤ ਨਿਵਾਰਨ, ਫਰਦ ਕੇਂਦਰ, ਈ.ਸੇਵਾ ਪੋਰਟਲ, ਸਾਂਝ ਕੇਂਦਰ, ਸੇਵਾ ਕੇਂਦਰ ਆਦਿ ਬਾਰੇ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ (ਈ- ਗਵਰਨੈਂਸ), ਸੰਗਰੂਰ ਸ੍ਰੀ ਸਤੀਸ਼ ਕੁਮਾਰ ਬੰਸਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇੰਜੀ. ਹਰਜੀਤ ਸਿੰਘ ਜੀ.ਐੱਮ. (ਸੇਵਾ ਮੁਕਤ) ਸਾਈਕਲੋਜੀਕਲ ਕਾਊਂਸਲਰ ਵੱਲੋਂ ਲੋਕਾਂ ਪ੍ਰਤੀ ਉਸਾਰੂ ਅਤੇ ਚੰਗਾ ਵਿਹਾਰ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਟ੍ਰੇਨਿੰਗ ਦੇ ਦੂਸਰੇ ਦਿਨ ਅਸਿਸਿਟੈਂਟ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ (ਸੇਵਾ ਮੁਕਤ) ਸ੍ਰੀ ਯਸ਼ਪਾਲ ਮਾਨਵੀ ਵੱਲੋਂ ਆਰ.ਟੀ.ਆਈ. ਐਕਟ, 2005 (ਲੋਕ ਸੂਚਨਾ ਅਧਿਕਾਰ) ਦੇ ਵੱਖ-ਵੱਖ ਰੂਲਜ਼ ਬਾਰੇ ਉਦਾਹਰਣਾਂ ਸਮੇਤ ਚਰਚਾ ਕੀਤੀ ਗਈ ਅਤੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਗਰੁੱਪ ਡਿਸਕਸ਼ਨ ਕਰਵਾਈ ਗਈ।  ਰੀਜਨਲ ਪ੍ਰੋਜੈਕਟ ਡਾਇਰੈਕਟਰ ਮਗਸੀਪਾ ਪਟਿਆਲਾ ਸ੍ਰੀਮਤੀ ਇੰਦਰਬੀਰ ਕੌਰ ਮਾਨ, ਪੀ.ਸੀ.ਐੱਸ. ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦੀ ਪ੍ਰਤੀਕ੍ਰਿਆ ਲਈ ਗਈ।