ਸਿਹਤ ਵਿਭਾਗ ਵੱਲੋਂ ਟੀਕਾਕਰਨ ਪ੍ਰੋਗਰਾਮ ਅਧੀਨ ਪ੍ਰਾਇਵੇਟ ਹਸਪਤਾਲਾਂ ਦੇ ਸਟਾਫ ਨੂੰ ਯੂ-ਵਿਨ ਪੋਰਟਲ ਸਬੰਧੀ ਦਿੱਤੀ ਗਈ ਟਰੇਨਿੰਗ

  • ਸਿਹਤ ਵਿਭਾਗ ਵੱਲੋਂ ਰੁਟੀਨ ਟੀਕਾਕਰਨ ਦਾ ਪੂਰਾ ਆਨਲਾਇਨ ਰਿਕਾਰਡ ਯੂ-ਵਿਨ ਪੋਰਟਲ ’ਤੇ ਰੱਖਿਆ ਜਾਂਦਾ ਹੈ: ਡਾ ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ
  • ਸਿਹਤ ਵਿਭਾਗ ਵੱਲੋਂ ਰੁਟੀਨ ਟੀਕਾਕਰਨ ਪ੍ਰੋਗਰਾਮ ਅਧੀਨ 12 ਮਾਰੂ ਬੀਮਾਰੀਆਂ ਤੋਂ ਬਚਾਅ ਲਈ ਕੀਤਾ ਜਾ ਰਿਹਾ ਹੈ ਮੁਫਤ ਟੀਕਾਕਰਨ: ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ, ਸ਼੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ, 20 ਅਗਸਤ 2024 : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਰੁਟੀਨ ਟੀਕਾਕਰਨ ਦਾ ਪੂਰਾ ਆਨਲਾਇਨ ਰਿਕਾਰਡ ਯੂ-ਵਿਨ ਪੋਰਟਲ ਤੇ ਰੱਖਿਆ ਜਾਂਦਾ ਹੈ ਅਤੇ ਯੂ-ਵਿਨ ਪੋਰਟਲ ਸਬੰਧੀ ਸਿਹਤ ਵਿਭਾਗ ਦੇ ਟੀਕਾਕਰਨ ਨਾਲ ਸਬੰਧਤ ਸਟਾਫ ਨੂੰ ਪਹਿਲਾਂ ਹੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਸਬੰਧ ਵਿਚ ਅੱਜ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਸਾਰੇ ਪ੍ਰਾਇਵੇਟ ਹਸਪਤਾਲਾਂ ਦੇ ਡਾਟਾ ਐਂਟਰੀ ਅਪਰੇਟਰਾਂ ਦੀ ਇਕ ਵਿਸ਼ੇਸ਼ ਟਰੇਨਿੰਗ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਾ. ਜਗਦੀਪ ਚਾਵਲਾ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਟਰੇਨਿੰਗ ਦੌਰਾਨ ਡਾ. ਜਗਦੀਪ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੀਆਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦਾ ਪੂਰਾ ਰਿਕਾਰਡ ਆਨਲਾਇਨ ਯੂ-ਵਿਨ ਪੋਰਟਲ ਤੇ ਰੱਖਿਆ ਜਾ ਰਿਹਾ ਹੈ ਅਤੇ ਜਿਹੜੀਆਂ ਡਲਿਵਰੀਆਂ ਪ੍ਰਾਇਵੇਟ ਹਸਪਤਾਲਾਂ ਵਿੱਚ ਹੁੰਦੀਆਂ ਹਨ ਕਈ ਵਾਰ ਉਹ ਬੱਚੇ ਟੀਕਾਕਰਨ ਤੋਂ ਲੇਟ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਸਾਰੇ ਪ੍ਰਾਇਵੇਟ ਹਸਪਤਾਲਾਂ ਦੇ ਸਟਾਫ ਨੂੰ ਕਿਹਾ ਕਿ ਅੱਜ ਤੋਂ ਬਾਅਦ ਜੋ ਵੀ ਡਲਿਵਰੀਆਂ ਪ੍ਰਾਇਵੇਟ ਹਸਪਤਾਲਾਂ ਵਿਚ ਹੋਣਗੀਆਂ ਉਨ੍ਹਾਂ ਸਾਰੇ ਬੱਚਿਆਂ ਦਾ ਡਾਟਾ ਯੂ-ਵਿਨ ਪੋਰਟਲ ਤੇ ਅੱਪਲੋਡ ਕੀਤਾ ਜਾਵੇ ਤਾਂ ਜੋ ਉਨ੍ਹਾਂ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਹੋ ਸਕੇ ਅਤੇ ਬੱਚੇ ਬੀਮਾਰੀਆਂ ਤੋਂ ਬਚ ਸਕਣ। ਇਸ ਮੌਕੇ ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਕਮ ਜਿਲ੍ਹਾ ਟੀਕਾਕਰਨ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿੱਚ ਮਾਂ ਦੀ ਗਰਭ ਦੌਰਾਨ ਦੇਖ ਭਾਲ ਦੇ ਨਾਲ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਜਨੇਪੇ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਜਨਮ ਤੋਂ ਹੀ ਮੁਫਤ ਟੀਕਾਕਰਨ ਸ਼ੁਰੂ ਕੀਤਾ ਜਾਂਦਾ ਹੈ ਅਤੇ ਹਰ ਬੁੱਧਵਾਰ ਸਾਰੇ ਜਿਲ੍ਹੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾ ਕੇ ਬੱਚਿਆਂ ਦਾ ਟੀਕਰਕਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 12 ਮਾਰੂ ਬੀਮਾਰੀਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਟੀਕਾਕਰਨ ਦਾ ਸਾਰਾ ਰਿਕਾਰਡ ਆਨਲਾਇਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸਰਬਜੀਤ ਸਿੰਘ ਜਿਲ੍ਹਾ ਕੋਲਡ ਚੇਨ ਅਫਸਰ,ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ,ਜਾਵੇਦ ਅਹਮਦ ਪ੍ਰੋਜੈਕਟ ਅਫਸਰ ਯੂ.ਐਨ.ਡੀ.ਪੀ. ਪ੍ਰੋਜੈਕਟ, ਖੁਸ਼ਦੀਪ ਸਿੰਘ ਵੀ.ਸੀ.ਸੀ.ਐਮ., ਰਵਿੰਦਰ ਗਰੋਵਰ, ਭੁਪਿੰਦਰ ਸਿੰਘ ਸਟੈਨੋ ਅਤੇ ਪ੍ਰਾਇਵੇਟ ਹਸਪਤਾਲਾਂ ਦਾ ਸਟਾਫ ਹਾਜ਼ਰ ਸੀ।