ਲੋਕ ਸਭਾ ਦੀਆਂ ਆਮ ਚੋਣਾਂ ਕਰਵਾਉਣ ਲਈ ਪਟਿਆਲਾ ਡਵੀਜ਼ਨ ਦੇ ਅਧਿਕਾਰੀਆਂ ਦੀ ਸਿਖਲਾਈ

  • ਸੂਬਾ ਪੱਧਰੀ ਮਾਸਟਰ ਟ੍ਰੇਨਰ ਬਬਨਦੀਪ ਸਿੰਘ ਵਾਲੀਆ ਨੇ ਜ਼ਿਲ੍ਹਾ ਚੋਣ ਪ੍ਰਬੰਧ ਪਲਾਨ ਤੇ ਵੋਟਾਂ ਪੁਆਉਣ ਨਾਲ ਸਬੰਧਤ ਪ੍ਰਬੰਧ ਕਰਨ ਬਾਰੇ ਕਰਵਾਇਆ ਜਾਣੂ

ਪਟਿਆਲਾ, 14 ਜੂਨ : ਲੋਕ ਸਭਾ ਦੀਆਂ ਆਗਾਮੀ ਆਮ ਚੋਣਾਂ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਚੋਣਾਂ ਨਾਲ ਸਬੰਧਤ ਨਵੇਂ ਸੂਬਾ ਪੱਧਰੀ ਮਾਸਟਰ ਟ੍ਰੇਨਰਜ਼ ਅਧਿਕਾਰੀਆਂ ਨੂੰ ਵਿਸਥਾਰਤ ਸਿਖਲਾਈ ਦੇਣ ਲਈ ਉਲੀਕੇ ਪ੍ਰੋਗਰਾਮ ਤਹਿਤ ਪਟਿਆਲਾ ਡਵੀਜਨ ਦੇ ਅਧਿਕਾਰੀਆਂ ਨੂੰ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਬਬਨਦੀਪ ਸਿੰਘ ਵਾਲੀਆ ਨੇ ਸਿਖਲਾਈ ਕਰਵਾਈ। ਰਾਜ ਪੱਧਰੀ ਮਾਸਟਰ ਟ੍ਰੇਨਰ ਬਬਨਦੀਪ ਸਿੰਘ ਵਾਲੀਆ ਨੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਮੈਨੇਜੇਮੈਂਟ ਪਲਾਨ (ਡੀਈਐਮਪੀ), ਸੰਵੇਦਨਸ਼ੀਲਤਾ ਮੈਪਿੰਗ, ਪੋਲਿੰਗ ਪਾਰਟੀਆਂ, ਚੋਣ ਦਿਨ ਪ੍ਰਬੰਧ ਅਤੇ ਪੋਲਿੰਗ ਸਟੇਸ਼ਨ ਦੇ ਬਾਰੇ ਵਿਸਥਾਰ ਵਿੱਚ ਨਿਯਮਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਚੋਣਾਂ ਨਿਰਵਿਘਨ ਤੇ ਨਿਰਪੱਖਤਾ ਨਾਲ ਕਰਵਾਉਣ ਬਾਰੇ ਸਿਖਲਾਈ ਦਿੱਤੀ। ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਇਸ ਸਾਰੀ ਸਿਖਲਾਈ ਨੂੰ ਪੰਜ ਪੜਾਵਾਂ ਵਿੱਚ ਵੰਡਕੇ ਸਾਰੇ ਸੂਬਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੜਾਅ ਵਿੱਚ ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ ਬਣਾਉਣ, ਜ਼ਿਲ੍ਹੇ ਅੰਦਰ ਸੰਵੇਨਸ਼ੀਲ ਇਲਾਕਿਆਂ ਤੇ ਇਸ ਨਾਲ ਨਜਿੱਠਣ ਦੇ ਪ੍ਰਬੰਧਾਂ, ਪੋਲਿੰਗ ਪਾਰਟੀਆਂ ਅਤੇ ਪੋਲ ਦਿਨ ਦੇ ਪ੍ਰਬੰਧਾਂ ਦੀ ਸਿਖਲਾਈ ਦਿੱਤੀ ਗਈ ਹੈ। ਇਸ ਦੌਰਾਨ ਪਟਿਆਲਾ ਡਵੀਜ਼ਨ ਅਧੀਨ ਆਉਂਦੇ ਜ਼ਿਲ੍ਹਿਆਂ ਪਟਿਆਲਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਅਧਿਕਾਰੀ, ਐਸ.ਡੀ.ਐਮ. ਲੁਧਿਆਣਾ ਹਰਜਿੰਦਰ ਸਿੰਘ, ਐਸ.ਡੀ.ਐਮ. ਪਾਇਲ ਜਸਲੀਨ ਕੌਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮਾਰਕੰਨ, ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ. ਰਾਜਪੁਰਾ ਪਰਲੀਨ ਕੌਰ ਕਾਲੇਕਾ, ਐਸ.ਡੀ.ਐਮ. ਦਿੜਬਾ ਰਾਜੇਸ਼ ਸ਼ਰਮਾ, ਚੋਣ ਤਹਿਸੀਲਦਾਰ ਰਾਮ ਜੀ ਲਾਲ ਅਤੇ ਹੋਰ ਮੌਜੂਦ ਸਨ।