ਪੰਜਾਬ ’ਤੇ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਨੇ ਸੂਬੇ ਦਾ ਵੱਡਾ ਨੁਕਸਾਨ ਕੀਤਾ ਹੈ : ਗੁਰਮੀਤ ਸਿੰਘ ਖੁੱਡੀਆਂ

ਬਠਿੰਡਾ, 8 ਅਪਰੈਲ : ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਪੰਜਾਬ ’ਤੇ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਨੇ ਸੂਬੇ ਦਾ ਵੱਡਾ ਨੁਕਸਾਨ ਕੀਤਾ ਹੈ। ਹੋਰ ਤਾਂ ਹੋਰ ਇੰਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਦੀ ਰਾਜਧਾਨੀ ਬਣਾਉਣ ਵਿਚ ਵੀ ਅਸਫਲ ਰਹੀਆਂ ਹਨ। ਇਹ ਵਿਚਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭੁੱਚੋ ਹਲਕੇ ਦੇ ਵਲੰਟੀਅਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਪਾਣੀਆਂ ਅਤੇ ਰਾਜਧਾਨੀ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰਾਂ ਬਣਾਈਆਂ ਪਰ ਅੱਜ ਤਕ ਉਹ ਸੂਬੇ ਦੀ ਰਾਜਧਾਨੀ ਨਹੀਂ ਬਣਾ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਹ ਪਾਰਟੀਆਂ ਦੇ ਉਮੀਦਵਾਰ ਵੋਟਾਂ ਲਈ ਆਉਣਗੇ ਤਾਂ ਲੋਕ ਇਹ ਸਵਾਲ ਜਰੂਰ ਪੁੱਛਣਗੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਭਖਦੇ ਦੇ ਮੁੱਦਿਆਂ ’ਤੇ ਵੋਟਾਂ ਲੈ ਕੇ ਸਰਕਾਰਾਂ ਬਣਾਈਆਂ, ਪਰ ਬਾਅਦ ਵਿਚ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ ਲਈ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਵਾਲੇ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਆਪਣੇ ਆਪ ਨੂੰ ਵੱਡੇ ਤਾਕਤਵਰ ਦੱਸ ਰਹੇ ਹਨ, ਪਰ ਮੇਰੇ ਕੋਲ ਆਮ ਲੋਕਾਂ ਦੀ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਠਿੰਡਾ ਲੋਕ ਸਭਾ ਹਲਕੇ ਅੰਦਰ ਮਿਲ ਰਹੇ ਹੁੰਗਾਰੇ ਤੋਂ ਡਰਦਿਆਂ ਹੀ ਅਕਾਲੀ ਅਤੇ ਕਾਂਗਰਸੀ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਮੈਨੂੰ ਹਰਾਉਣ ਲਈ ਅਕਾਲੀ ਅਤੇ ਕਾਂਗਰਸੀ ਇਕੱਠੇ ਹੋ ਗਏ ਹਨ ਅਤੇ ਮੇਰੇ ਮੁਕਾਬਲੇ ਉਮੀਦਵਾਰ ਉਤਾਰਨ ਲਈ ਗਿਣਤੀਆਂ ਮਿਣਤੀਆਂ ਕਰ ਰਹੇ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਲੋਕ ਇਕ ਵਾਰ ਫਿਰ ਰਿਵਾਇਤੀ ਪਾਰਟੀਆਂ ਦੇ ਵੱਡੇ ਤਾਕਤਵਰ ਅਖਵਾਉਣ ਵਾਲੇ ਇਨ੍ਹਾਂ ਉਮੀਦਵਾਰਾਂ ਨੂੰ ਹਰਾ ਦੇਣਗੇ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਇਹ ਲੋਕਾਂ ਦੀ ਹੀ ਤਾਕਤ ਹੈ ਕਿ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਸਿਆਸਤ ਦੇ ਬਾਬਾ ਬੋਹੜ ਦੀਆਂ ਜੜਾਂ ਲੋਕਾਂ ਨੇ ਇਕ ਮਿੰਟ ਵਿਚ ਪੁੱਟ ਦਿੱਤੀਆਂ ਸਨ ਅਤੇ ਹੁਣ ਉਸੇ ਤਰ੍ਹਾਂ ਹੀ ਨੰਨੀ ਛਾ ਨੂੰ ਵੀ ਹਰਾ ਦੇਣਗੇ। ਉਨ੍ਹਾਂ ਆਪਣੇ ਪਿਤਾ ਮਰਹੂਮ ਮੈਂਬਰ ਪਾਰਲੀਮੈਂਟ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਦਿਖਾਏ ਸੱਚ ਅਤੇ ਇਮਾਨਦਾਰੀ ਦੇ ਮਾਰਗ ’ਤੇ ਚੱਲ ਕੇ ਲੋਕ ਸੇਵਾ ਕਰਨ ਦਾ ਭਰੋਸਾ ਦਿੱਤਾ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਦਾ ਪ੍ਰਚਾਰ ਕੀਤੇ ਜਾਣ ’ਤੇ ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਵਿਚ ਏਮਜ਼ ਬਣਾਏ ਗਏ ਸਨ ਅਤੇ ਪੰਜਾਬ ਲਈ ਕੇਂਦਰ ਸਰਕਾਰ ਵੱਲੋਂ ਏਮਜ਼ ਲਈ ਬਠਿੰਡਾ ਨੂੰ ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਇਹ ਦੱਸਣ ਕਿ ਉਹ ਬਠਿੰਡਾ ਨੂੰ ਚੰਡੀਗੜ੍ਹ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਕਿਉਂ ਨਹੀਂ ਜੋੜ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਅਹਿਮ ਕਦਮ ਚੁੱਕੇ ਹਨ। ਲੋਕਾਂ ਨੂੰ 600 ਯੂਨਿਟ ਫਰੀ ਬਿਜਲੀ ਦਿੱਤੀ ਗਈ ਹੈ, ਜਿਸ ਨਾਲ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ। ਆਮ ਆਦਮੀ ਕਲੀਨਕਾਂ ਵਿਚ ਲੋਕ ਆਪਣਾ ਮੁਫਤ ਇਲਾਜ ਕਰਵਾ ਕੇ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਸ ਨੇ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਸੁੱਟਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੂਰੀ ਤਰ੍ਹਾਂ ਰਿਸ਼ਵਤ ਬੰਦ ਨਹੀਂ ਹੋਈ ਪਰ ਫਿਰ ਵੀ ਰਿਸ਼ਵਤਖੋਰਾਂ ਨੂੰ ਵੱਡਾ ਡਰ ਬਣਿਆ ਹੈ ਤੇ ਰਿਸ਼ਵਤ ਕਾਫੀ ਘਟੀ ਹੈ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਤਾਣਾ ਬਾਣਾ ਹੀ ਇਨ੍ਹਾਂ ਖਰਾਬ ਕੀਤਾ ਹੋਇਆ ਹੈ ਕਿ ਉਸ ਨੂੰ ਠੀਕ ਕਰਨ ਲਈ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਕ ਵਾਰ ਪਾਰਲੀਮੈਂਟ ਵਿਚ ਭੇਜੋ ਅਤੇ ਤੁਹਾਡੇ ਮਸਲੇ ਹੱਲ੍ਹ ਕਰਨ ਦੀ ਜਿੰਮੇਵਾਰੀ ਮੇਰੀ ਹੋਵੇਗੀ।