ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਡੀ.ਜੇ/ਲਾਊਡ ਸਪੀਕਰ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ : ਡਿਪਟੀ ਕਮਿਸ਼ਨਰ

ਫ਼ਰੀਦਕੋਟ 28 ਫ਼ਰਵਰੀ : ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਮੈਰਿਜ ਪੈਲਸਾਂ, ਰਿਜੋਰਟਸ ਵਿੱਚ ਸਮਾਜਿਕ ਵੰਕਸ਼ਨਾਂ ਦੌਰਾਨ ਉੱਚੀ ਆਵਾਜ ਵਿੱਚ ਡੀ.ਜੇ./ਲਾਉਡ ਸਪੀਕਰ ਚਲਾਉਣ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਵੀ ਚਲਾਏ ਜਾਂਦੇ ਹਨ। ਇਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ ਨਾਲ ਹੀ ਇਮਤਿਹਾਨਾਂ ਦੇ ਦਿਨ ਹੋਣ ਕਰਕੇ ਬੱਚਿਆਂ ਦੀ ਪੜਾਈ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜ਼) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਨਿਰਧਾਰਤ ਸਮੇਂ ਵਿੱਚ ਸਵੇਰੇ 06.00 ਵਜੇ ਤੋਂ ਲੈ ਕੇ ਰਾਤ 10.00 ਵਜੇ ਤੱਕ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਏ ਬਿਨਾਂ ਡੀ.ਜੇ./ਲਾਉਡ ਸਪੀਕਰ ਨਹੀਂ ਚਲਾ ਸਕਦਾ ਅਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਡੀ.ਜੇ/ਲਾਉਡ ਸਪੀਕਰ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਨਿਰਧਾਰਤ ਸਮੇਂ ਵਿੱਚ ਚੱਲਣ ਵਾਲੇ ਡੀ.ਜੇ./ਲਾਉਡ ਸਪੀਕਰ ਦੀ ਆਵਾਜ਼ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਹਾਇਸ਼ੀ ਏਰੀਏ ਵਿੱਚ 55 ਡੈਸੀਬਲ ਤੋਂ ਘੱਟ ਹੋਵੇ। ਇਹਨਾਂ ਹਦਾਇਤਾਂ ਦੀ ਉਲੰਘਨਾ ਕਰਨ ਵਾਲੇ ਮੈਰਿਜ ਪੈਲਸ, ਰਿਜੋਰਟਸ ਮਾਲਕ ਅਤੇ ਡੀ.ਜੇ ਦੇ ਓਪਰੇਟਰ ਖਿਲਾਫ ਹਦਾਇਤਾਂ/ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।