ਸਮੇਂ ਸਿਰ ਨਹਿਰੀ ਪਾਣੀ ਦੀ ਉਪਲਬੱਧਤਾ, ਨਰਮੇ ਦੀ ਬਿਜਾਈ ਵਿਚ ਫਾਜਿ਼ਲਕਾ ਪੰਜਾਬ ਵਿਚੋਂ ਮੋਹਰੀ : ਡਿਪਟੀ ਕਮਿਸ਼ਨਰ

  • 74106 ਹੈਕਟੇਅਰ ਵਿਚ ਮੁਕੰਮਲ ਹੋਈ ਬਿਜਾਈ
  • ਹਾਲੇ ਜਾਰੀ ਹੈ ਬਿਜਾਈ, ਟੀਚਾ ਹੋਵੇਗਾ ਪੂਰਾ : ਮੁੱਖ ਖੇਤੀਬਾੜੀ ਅਫ਼ਸਰ

ਫਾਜਿ਼ਲਕਾ, 15 ਮਈ : ਚਿੱਟੇ ਸੋਨੇ (ਨਰਮੇ) ਦੀ ਬਿਜਾਈ ਵਿਚ ਫਾਜਿ਼ਲਕਾ ਜਿ਼ਲ੍ਹਾ ਬਾਜੀ ਮਾਰਦਾ ਜਾ ਰਿਹਾ ਹੈ। 74106 ਹੈਕਟੇਅਰ ਬਿਜਾਈ ਨਾਲ ਫਾਜਿ਼ਲਕਾ ਜਿ਼ਲ੍ਹਾ ਕਪਾਹ ਪੱਟੀ ਦੇ ਬਾਕੀ ਜਿ਼ਲਿ੍ਹਆਂ ਦੇ ਮੁਕਾਬਲੇ ਮੋਹਰੀ ਹੋ ਨਿੱਤਰਿਆ ਹੈ।ਇਹ ਜਾਣਕਾਰੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਅਨੁਸਾਰ ਨਹਿਰੀ ਪਾਣੀ ਮੁਹਈਆ ਕਰਵਾਏ ਜਾਣ ਕਾਰਨ ਅਤੇ ਨਰਮੇ ਦੇ ਬੀਜ ਤੇ ਸਰਕਾਰ ਵੱਲੋਂ 33 ਫੀਸਦੀ ਸਬਸਿਡੀ ਦਿੱਤੇ ਜਾਣ ਨਾਲ ਇਸ ਵਾਰ ਕਿਸਾਨਾਂ ਵਿਚ ਨਰਮੇ ਦੀ ਕਾਸਤ ਪ੍ਰਤੀ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੱਛਲੇ ਸਾਲ ਜਿ਼ਲ੍ਹੇ ਵਿਚ 96 ਹਜਾਰ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਸੀ ਜਦ ਕਿ ਇਸ ਸਾਲ 105000 ਹੈਕਟੇਅਰ ਰਕਬੇ ਦਾ ਟੀਚਾ ਮਿੱਥਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਵਿਚੋਂ 74106 ਹੈਕਟੇਅਰ ਰਕਬੇ ਦੀ ਬਿਜਾਈ ਕਰਕੇ ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਨੇ ਫਸਲੀ ਵਿਭਿੰਨਤਾ ਪ੍ਰੋਗਰਾਮ ਵਿਚ ਆਪਣੀ ਸਰਗਰਮ ਭੁਮਿਕਾ ਨਿਭਾਈ ਹੈ। ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਜੰਗੀਰ ਸਿੰਘ ਗਿੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 33297 ਹੈਕਟੇਅਰ ਬਿਜਾਈ ਨਾਲ ਜਿ਼ਲ੍ਹੇ ਵਿਚ ਅਬੋਹਰ ਬਲਾਕ ਸਭ ਤੋਂ ਅੱਗੇ ਹੈ। ਖੂਈਆਂ ਸਰਵਰ 27386 ਹੈਕਟੇਅਰ ਬਿਜਾਈ ਨਾਲ ਜਿ਼ਲ੍ਹੇ ਵਿਚ ਦੂਜ਼ੇ ਸਥਾਨ ਤੇ ਚੱਲ ਰਿਹਾ ਹੈ।ਫਾਜਿ਼ਲਕਾ ਬਲਾਕ ਵਿਚ 12763 ਹੈਕਟੇਅਰ ਵਿਚ ਬਿਜਾਈ ਪੂਰੀ ਹੋ ਚੁੱਕੀ ਹੈ।ਜਦ ਕਿ ਜਲਾਲਾਬਾਦ ਬਲਾਕ ਵਿਚ 660 ਹੈਕਟੇਅਰ ਵਿਚ ਬਿਜਾਈ ਹੋ ਚੁੱਕੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹਾਲੇ ਬਿਜਾਈ ਜ਼ੋਰਾ ਨਾਲ ਚੱਲ ਰਹੀ ਹੈ ਅਤੇ ਵਿਭਾਗ ਨੂੰ ਪੂਰੀ ਉਮੀਦ ਹੈ ਕਿ ਵਿਭਾਗ ਵੱਲੋਂ ਨਿਰਧਾਰਤ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 33 ਫੀਸਦੀ ਬੀਜ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਬਿਨ੍ਹਾਂ ਦੇਰੀ ਪੋਰਟਲ  https://agrimachinerypb.com/ ਤੇ ਆਨਲਾਈਨ ਅਪਲਾਈ ਕਰਨ। ਉਨ੍ਹਾਂ ਨੇ ਕਿਹਾ ਕਿ 31 ਮਈ ਤੱਕ ਕਿਸਾਨ ਬੀਜ ਸਬਸਿਡੀ ਲੈਣ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਦੀ ਅਪੀਲ ਕੀਤੀ ਹੈ।