ਖੰਨਾ ਨੇੜੇ ਟਰੱਕ ਤੇ ਟਿੱਪਰ ਦੀ ਭਿਆਨਕ ਟੱਕਰ 'ਚ ਤਿੰਨ ਦੀ ਮੌਤ

ਖੰਨਾ, 29 ਮਾਰਚ : ਖੰਨਾ ਨੇੜੇ ਇੱਕ ਟਰੱਕ ਤੇ ਟਿੱਪਰ ਦੀ ਸਿੱਧੀ ਟੱਕਰ ਹੋਣ ਕਾਰਨ ਤਿੰਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਅਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਟੱਰਕ ਚਾਲਕ, ਹੈਲਪਰ ਅਤੇ ਇੱਕ ਹੋਰ ਰਾਹਗੀਰ ਦੀ ਮੌਤ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਟਰੱਕ ਚਾਲਕ ਅਤੇ ਹੈਲਪਰ ਨੂੰ 2 ਘੰਟੇ ਦੀ ਮੁਸ਼ੱਕਤ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਅਚਾਨਕ ਇੱਕ ਸਾਈਕਲ ਵਾਲਾ ਟਰੱਕ ਅੱਗੇ ਆ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਹਿਚਾਣ ਜਗਤਾਰ ਸਿੰਘ ਬਿੱਲਾ ਪਿੰਡ ਸਲਾਣਾ, ਹਰਿੰਦਰ ਯਾਦਵ (ਬਿਹਾਰ) ਅਤੇ ਸਤਨਾਮ ਸਿੰਘ ਵਾਸੀ ਲਲੌਦੀ ਵਜੋਂ ਹੋਈ ਹੈ। ਜਗਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਤਨਾਮ ਅਤੇ ਹਰਿੰਦਰ ਗੰਭੀਰ ਜ਼ਖਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਸਤਨਾਮ ਅਤੇ ਹਰਿੰਦਰ ਦੀ ਵੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਮ੍ਰਿਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰੇਗੀ।