ਗੁਰਸ਼ਰਨ ਕਲਾ ਭਵਨ ਵਿਖੇ ਤਿੰਨ ਰੋਜ਼ਾ ਨਾਟਕਾਂ ਦੀ ਪੇਸ਼ਕਾਰੀ ਨੇ ਕੀਲੇ ਦਰਸ਼ਕ

  • ਕੇਂਦਰ ਸਰਕਾਰ ਵੱਲੋਂ ਪਹਿਲਵਾਨ ਧੀਆਂ ਤੇ ਕੀਤੇ ਜਬਰ ਦੀ ਜੋਰਦਾਰ ਨਿੰਦਾ

ਮੁੱਲਾਂਪੁਰ ਦਾਖਾ, 31 ਮਈ (ਸਤਵਿੰਦਰ  ਸਿੰਘ ਗਿੱਲ) : ਗੁਰਸ਼ਰਨ ਕਲਾ ਭਵਨ ਵਿਖੇ ਚੱਲ ਰਹੇ ਤੀਜੇ ਦਿਨ ਦੇ ਸਮਾਗਮ ਦਾ ਉਦਘਾਟਨ ਅਮੋਲਕ ਸਿੰਘ ਪ੍ਰਧਾਨ ਪੰਜਾਬ ਲੋਕ ਸਭਿਆਚਾਰਕ ਮੰਚ, ਅਮਰੀਕ ਤਲਵੰਡੀ ਉੱਘੇ ਸਾਹਿਤਕਾਰ, ਜੋਗਿੰਦਰ ਅਜਾਦ, ਹਰਕੇਸ਼ ਚੌਧਰੀ ਨਿਰਦੇਸ਼ਕ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਕੇਵਲ ਧਾਲੀਵਾਲ ਸ੍ਰੋਮਣੀ ਨਾਟਕਕਾਰ, ਜਰਨੈਲ ਗਿੱਲ ਅਤੇ ਸੰਤੋਖ ਗਿੱਲ ਨੇ ਸਾਂਝੇ ਰੂਪ ਵਿੱਚ ਕੀਤਾ।ਇਸ ਮੌਕੇ ਤੇ ਅਮੋਲਕ ਸਿੰਘ ਵੱਲੋਂ ਦਿੱਲੀ ਵਿਖੇ ਪਹਿਲਵਾਨ ਧੀਆਂ ਤੇ ਕੀਤੇ ਲਾਠੀਚਾਰਜ ਅਤੇ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਗਈ। ਇਸ ਉਪਰੰਤ ਮੰਚ ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਜਰਮਨ ਲੇਖਕ ਬ੍ਰਤੋਲਿਤ ਬ੍ਰੈਖਤ ਦੀ ਰਚਨਾ " ਕਾਕੇਸੀ਼ਅਨ ਚਾਕ ਸਰਕਲ " ਦਾ "ਅਮਿਤੋਜ਼" ਦੁਆਰਾ ਕੀਤਾ ਪੰਜਾਬੀ ਰੂਪ "ਮਿੱਟੀ ਨਾ ਹੋਏ ਮਤਰੇਈ" ਪੇਸ਼ ਕੀਤਾ ਗਿਆ। ਜੰਗ ਵਿੱਚ ਕਿਸ ਤਰ੍ਹਾਂ ਕੁਝ ਚਲਾਕ ਲੋਕ ਭੋਲੀ਼ ਭਾਲੀ ਜਨਤਾ ਨੂੰ ਲੁੱਟਦੇ ਹਨ। ਜੰਗੀ ਮਾਹੌਲ ਵਿੱਚ ਰਾਜੇ ਦੇ ਬਗਾਵਤ ਹੋਣ ਤੇ ਰਾਣੀ ਆਪਣੇ ਬੱਚੇ ਨੂੰ ਛੱਡ ਕੇ ਭੱਜ ਜਾਂਦੀ ਹੈ ਤੇ ਉਸ ਬੱਚੇ ਨੂੰ ਇੱਕ ਨੋਕਰਾਣੀ ਦੁਆਰਾ ਆਪਣੀ ਜਾਨ ਤੇ ਖੇਡ ਕੇ ਬਚਾਇਆ ਜਾਂਦਾ ਹੈ। ਜੰਗ ਖਤਮ ਹੋਣ ਤੇ ਦੋਵੇਂ ਮਾਂਵਾਂ ਬੱਚੇ ਤੇ ਆਪਣਾ ਹੱਕ ਜਾਹਿਰ ਕਰਦੀਆਂ ਹਨ। ਮੁਨਸਵ ਬੱਚੇ ਨੂੰ ਇੱਕ ਦਾਇਰੇ ਵਿੱਚ ਖੜਾ ਕਰਕੇ ਦੋਨਾਂ ਮਾਂਵਾਂ ਨੂੰ ਬੱਚਾ ਖਿਚਣ ਨੂੰ ਆਖਦਾ ਹੈ। ਰਾਣੀ ਮਾਂ ਬੱਚੇ ਨੂੰ ਖਿੱਚ ਲੈਦੀਂ ਹੈ। ਜਦੋਂ ਮੁਨਸਵ ਪੁੱਛਦਾ ਹੈ ਤੂੰ ਬੱਚਾ ਖਿਚਿਆ ਕਿਉਂ ਨਹੀਂ ਤਾਂ ਨੌਕਰਾਣੀ ਮਾਂ ਨੇ ਕਿਹਾ ਕਿ ਇਸ ਨਾਲ ਬੱਚੇ ਨੂੰ ਤਕਲੀਫ਼ ਹੁੰਦੀ ਤਾਂ ਮੁਨਸਵ ਨੌਕਰਾਣੀ ਮਾਂ ਨੂੰ ਬੱਚਾ ਪੱਕੇ ਤੌਰ ਤੇ ਦੇ ਦਿੰਦਾ ਹੈ। ਨਾਟਕ ਨੂੰ ਦਰਸ਼ਕਾਂ ਨੇ ਪੂਰੀ ਰੀਝ ਨਾ ਦੇਖਿਆ ਤੇ ਖੜੇ ਹੋ ਕੇ ਦਾਦ ਦਿੱਤੀ। ਇਸ ਮੌਕੇ ਤੇ ਲੋਕ ਕਲਾ ਮੰਚ ਵੱਲੋਂ ਡਾ਼ ਅਮਰਪ੍ਰੀਤ ਸਿੰਘ ਦਿਉਲ, ਡਾ. ਰੂਹੀ ਦਿਉਲ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕੇਵਲ ਧਾਲੀਵਾਲ ਤੇ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ।ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਜਿੰਨਾਂ ਨੇ ਤਿੰਨੇ ਦਿਨ ਹਾਜਰੀ ਭਰ ਕੇ ਨਾਟ ਰੰਗ ਉਤਸਵ ਨੂੰ ਸਫ਼ਲ ਬਣਾਇਆ।