ਮਾਨਸਾ ’ਚ 08 ਦਸੰਬਰ ਨੂੰ ਲੱਗੇਗਾ ਤਿੰਨ ਰੋਜ਼ਾ ‘ਟਿੱਬਿਆਂ ਦਾ ਮੇਲਾ’

  • ਨਾਮਵਰ ਗਾਇਕ ਕੰਵਰ ਗਰੇਵਾਲ ਕਰਨਗੇ ਸਰੋਤਿਆਂ ਦਾ ਮਨੋਰੰਜਨ
  • ਜ਼ਿਲ੍ਹਾ ਵਾਸੀਆਂ ਨੂੰ ਵਧ ਚੜ੍ਹ ਕੇ ‘ਟਿੱਬਿਆਂ ਦੇ ਮੇਲੇ’ ਵਿਚ ਸ਼ਿਰਕਤ ਕਰਨ ਦੀ ਅਪੀਲ

ਮਾਨਸਾ, 01 ਦਸੰਬਰ : ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ 08, 09 ਅਤੇ 10 ਦਸੰਬਰ ਨੂੰ ਤਿੰਨ ਰੋਜ਼ਾ ਟਿੱਬਿਆਂ ਦਾ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਦੇ ਅਗੇਤੇ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ, ਨਾਟਕ, ਕਵੀ ਦਰਬਾਰ, ਵਿਰਾਸਤੀ ਖਾਣੇ, ਵਿਰਾਸਤੀ ਵਸਤਾਂ ਟਿੱਬਿਆਂ ਦੇ ਮੇਲੇ ਦੀ ਰੋਣਕ ਹੋਣਗੀਆਂ ਅਤੇ ਇਸ ਤੋਂ ਇਲਾਵਾ ਨਾਮਵਰ ਗਾਇਕ ਕੰਵਰ ਗਰੇਵਾਲ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਮੇਲੇ ਦੇ ਪ੍ਰਬੰਧਾਂ ਲਈ ਜਿੰਨ੍ਹਾਂ ਵੱਖ ਵੱਖ ਵਿਭਾਗੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਉਹ ਸਮਾਂ ਰਹਿੰਦਿਆਂ ਸਬੰਧਤ ਕੰਮਾਂ ਨੂੰ ਨੇਪਰੇ ਚੜ੍ਹਾਉਣ। ਉਨ੍ਹਾਂ ਹਦਾਇਤ ਕੀਤੀ ਕਿ ਮੇਲੇ ਵਾਲੇ ਸਥਾਨ ’ਤੇ ਸਾਫ ਸਫਾਈ, ਪੀਣ ਵਾਲੇ ਪਾਣੀ, ਬਾਥਰੂਮ, ਬਿਜਲੀ, ਟੈਂਟ ਆਦਿ ਦੇ ਸੁਚੱਜੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਮੇਲੇ ਅੰਦਰ ਲੱਗਣ ਵਾਲੀਆਂ ਖਾਣ ਪੀਣ ਦੀਆਂ ਸਟਾਲਾਂ ’ਤੇ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਵਧ ਚੜ੍ਹ ਕੇ ‘ਟਿੱਬਿਆਂ ਦੇ ਮੇਲੇ’ ਵਿਚ ਸ਼ਿਰਕਤ ਕਰ ਕੇ ਮੇਲੇ ਦੇ ਆਕਰਸ਼ਨ ਵਿਚ ਵਾਧਾ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਬੀਰ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਬੀ.ਡੀ.ਪੀ.ਓਜ਼ ਤੋਂ ਇਲਾਵਾ ਹੋਰ ਵੱਖ ਵੱਖ ਅਧਿਕਾਰੀ ਮੌਜੂਦ ਸਨ।