ਲੁਧਿਆਣਾ ‘ਚ ਅਪਾਰਟਮੈਂਟ ‘ਚ ਰਹਿੰਦੇ ਇਕ ਦਰਜਨ ਲੋਕਾਂ ਦੇ ਫਲੈਟਾਂ ‘ਚ ਮਿਲੀ ਧਮਕੀ ਭਰੀ ਚਿੱਠੀ

ਲੁਧਿਆਣਾ : ਲੁਧਿਆਣਾ ‘ਚ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਲੋਕਾਂ ‘ਤੋਂ ਵਟਸਐਪ ‘ਤੇ ਕਾਲ ਕਰਕੇ ਫਿਰੌਤੀ ਮੰਗੀ ਜਾ ਰਹੀ ਸੀ, ਪਰ ਹੁਣ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਪੱਖੋਵਾਲ ਰੋਡ ‘ਤੇ ਸਥਿਤ ਅਪਾਰਟਮੈਂਟ ‘ਚ ਰਹਿੰਦੇ ਕਰੀਬ ਇਕ ਦਰਜਨ ਲੋਕਾਂ ਦੇ ਫਲੈਟਾਂ ‘ਚ ਧਮਕੀ ਭਰੀ ਚਿੱਠੀ ਮਿਲੀ ਹੈ, ਜਿਸ ‘ਚ ਉਨ੍ਹਾਂ ਦੇ ਫਲੈਟਾਂ ਨੂੰ ਉਡਾਉਣ ਦੀ ਸਪੱਸ਼ਟ ਧਮਕੀ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਿੱਠੀ ਅੰਗਰੇਜ਼ੀ ਵਿੱਚ ਲਿਖੀ ਗਈ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਪੜ੍ਹੇ ਲਿਖੇ ਵਿਅਕਤੀ ਨੇ ਚਿੱਠੀ ਲਿਖਿਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਫੋਰਸ ਨਾਲ ਅਪਾਰਟਮੈਂਟ ਦੇ ਬਾਹਰ ਦੇਰ ਰਾਤ ਨਾਕਾਬੰਦੀ ਕੀਤੀ ਗਈ ਹੈ। ਅਪਾਰਟਮੈਂਟ ਵਿੱਚ ਆਉਣ ਵਾਲੇ ਅਤੇ ਲੰਘਣ ਵਾਲਿਆਂ ਦੇ ਵਾਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸੇ ਅਧਿਕਾਰੀ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਮਾਮਲਾ ਫੁੱਲਾਂਵਾਲ ਚੌਂਕ ਤੋਂ ਪਿੰਡ ਦਾਦ ਵੱਲ ਜਾਂਦੇ ਰਸਤੇ ਵਿੱਚ ਪੈਂਦੇ ਪ੍ਰਾਈਵੇਟ ਅਪਾਰਟਮੈਂਟ ਨਾਲ ਸਬੰਧਤ ਹੈ। ਜਿੱਥੇ ਲਗਭਗ ਵੱਡੇ ਵਪਾਰੀ ਰਹਿੰਦੇ ਹਨ। ਸ਼ਨੀਵਾਰ ਸ਼ਾਮ ਨੂੰ ਫਲੈਟਾਂ ‘ਚ ਕਿਸੇ ਨੇ ਦਰਜਨ ਦੇ ਕਰੀਬ ਚਿੱਠੀਆਂ ਸੁੱਟ ਦਿੱਤੀਆਂ। ਜਦੋਂ ਪਰਿਵਾਰਕ ਮੈਂਬਰਾਂ ਨੇ ਚਿੱਠੀਆਂ ਖੋਲ੍ਹੀਆਂ ਤਾਂ ਉਹ ਹੈਰਾਨ ਰਹਿ ਗਏ। ਜਿਨ੍ਹਾਂ ਦੇ ਫਲੈਟਾਂ ‘ਚ ਇਹ ਚਿੱਠੀ ਮਿਲੀ ਹੈ, ਚਿੱਠੀ ‘ਤੇ ਉਨ੍ਹਾਂ ਵਿਅਕਤੀ ਦੇ ਨਾਂ ਲਿਖੇ ਹੋਏ ਸਨ। ਇਨ੍ਹਾਂ ਹੀ ਨਹੀਂ ਚਿੱਠੀ ‘ਚ ਇਹ ਲਿਖਿਆ ਗਿਆ ਸੀ ਕਿ ਉਹ ਉਨ੍ਹਾਂ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਬੱਚੇ ਕਿਸ ਸਮੇਂ ਆਉਂਦੇ ਹਨ, ਸਭ ਕੁਝ ਨੋਟ ਕੀਤਾ ਜਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਨੂੰ ਉਡਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।