ਸੰਸਦ ਭਵਨ ਵੱਲ ਮਾਰਚ ਕਰਨ ਲਈ ਜੱਥੇਬੰਦੀ ਦੇ ਹਜ਼ਾਰਾਂ ਵਰਕਰ 19 ਮਾਰਚ ਨੂੰ ਦਿੱਲੀ ਲਈ ਕੂਚ ਕਰਨਗੇ : ਧਨੇਰ 

  • ਬੀਕੇਯੂ ਏਕਤਾ ਡਕੌਂਦਾ, ਜ਼ਿਲ੍ਹਾ ਮਾਨਸਾ ਦਾ ਜਨਰਲ ਇਜਲਾਸ ਸੰਪੰਨ

ਮਾਨਸਾ, 5 ਮਾਰਚ : ਭਾਰਤੀ ਕਿਸਾਨ ਯੂਨੀਅਨ ਏਕਤਾ, ਡਕੌਂਦਾ ਜਿਲ੍ਹਾ ਮਾਨਸਾ ਵੱਲੋਂ ਅੱਜ ਗੁਰਦੁਆਰਾ ਭਾਈ ਬਹਿਲੋ ਸਾਹਿਬ, ਪਿੰਡ ਫਫੜੇ ਵਿਖੇ ਜਨਰਲ ਕੌਂਸਲ ਦਾ ਇਜਲਾਸ ਮਹਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਵਿੱਚ ਜਿਲ੍ਹਾ ਭਰ ਤੋ ਸੈਂਕ‍ੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਹੋਏ। ਜਨਰਲ ਕੌਂਸਲ ਨੂੰ ਸੰਬੋਧਨ ਕਰਨ ਲਈ ਪੰਜਾਬ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ, ਕਾਰਜਕਾਰੀ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਪੁਰਾ, ਮੀਤ ਪ੍ਰਧਾਨ ਹਰੀਸ਼ ਨੱਢਾ ਫਾਜਿਲਕਾ, ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਵਿਸ਼ੇਸ਼ ਤੌਰ ਤੇ ਪੁੱਜੇ। ਜਨਰਲ ਕੌਂਸਲ ਵਿੱਚ ਬੋਲਦੇ ਹੋਏ ਬੁਲ਼ਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 20 ਮਾਰਚ ਨੂੰ ਸੰਸਦ ਭਵਨ ਵੱਲ ਮਾਰਚ ਕਰਨ ਲਈ ਜੱਥੇਬੰਦੀ ਦੇ ਹਜ਼ਾਰਾਂ ਵਰਕਰ 19 ਮਾਰਚ ਨੂੰ ਦਿੱਲੀ ਲਈ ਕੂਚ ਕਰਨਗੇ। ਕੇਂਦਰ ਸਰਕਾਰ ਵੱਲੋਂ ਰਹਿੰਦੀਆਂ ਮੰਗਾਂ ਜਿਵੇਂ ਕਿ ਐਮ ਐਸ ਪੀ ਦੀ ਗਰੰਟੀ ਵਾਲਾ ਕਨੂੰਨ ਬਣਾਉਣਾ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ, ਕਿਸਾਨਾਂ ਖਿਲਾਫ ਮੜ੍ਹੇ ਝੂਠੇ ਕੇਸਾਂ ਦੀ ਵਾਪਸੀ ਅਤੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਦਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਜਨਰਲ ਕੌਂਸਲ ਨੇ ਸੀ ਬੀ ਆਈ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ ਦੀ ਪੁਰਜ਼ੋਰ ਨਿਖੇਧੀ ਕੀਤੀ। ਇਸ ਛਾਪੇਮਾਰੀ ਖਿਲਾਫ 13 ਮਾਰਚ ਨੂੰ ਜ਼ਿਲ੍ਹਾ ਪੱਧਰ ਤੇ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ। ਬੰਦੀ ਸਿੰਘ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦੀ ਪੂਰਨ ਹਮਾਇਤ ਕੀਤੀ ਜਾਵੇਗੀ। ਸਾਰੇ ਨਿਰਦੋਸ਼ ਲੋਕ ਅਤੇ ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀ ਰਿਹਾਅ ਕੀਤੇ ਜਾਣ। ਅੱਜ ਦੀ ਜਨਰਲ ਕੌਂਸਲ ਵਿੱਚ ਜਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਤੇ ਬਲਵਿੰਦਰ ਸ਼ਰਮਾ ਖਿਆਲਾ ਅਤੇ ਜਿਲ੍ਹਾ ਮੀਤ ਪ੍ਰਧਾਨ ਨੌਜਵਾਨ ਆਗੂ ਬਲਕੌਰ ਸਿੰਘ ਚਹਿਲਾਂ ਵਾਲੀ ਦੀ ਚੋਣ ਕੀਤੀ ਗਈ। ਦਿਆਲ ਸਿੰਘ ਅਤੇ ਗੋਰਾ ਸਿੰਘ ਅਲੀਸੇਰ ਵੀ ਸਾਮਲ ਕੀਤੇ ਗਏ। ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਜੱਥੇਬੰਦੀ ਦੇ ਸੰਵਿਧਾਨ ਅਤੇ ਬਲਕਾਰ ਸਿੰਘ ਡਕੌਂਦਾ ਦੀ ਵਿਚਾਰਧਾਰਾ ਬੁਲੰਦ ਕਰਨ ਦਾ ਅਹਿਦ ਲਿਆ।