ਜਗਰਾਓਂ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਗੈਂਗਸਟਰ ਦੀ ਲੱਤ 'ਚ ਗੋਲੀ ਲੱਗੀ

ਜਗਰਾਓਂ, 27 ਜਨਵਰੀ (ਸ਼ੇਰਪੁਰੀ) : ਲੁਧਿਆਣਾ ਦੇ ਜਗਰਾਓਂ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਗੈਂਗਸਟਰ ਕਰਿਆਨਾ ਵਪਾਰੀ ਤੋਂ ਫਿਰੌਤੀ ਦੀ ਰਕਮ ਵਸੂਲਣ ਆਏ ਸਨ। ਮੁਕਾਬਲੇ 'ਚ ਇਕ ਗੈਂਗਸਟਰ ਦੀ ਲੱਤ 'ਚ ਗੋਲੀ ਲੱਗੀ, ਜਦਕਿ ਦੂਜਾ ਬਾਈਕ 'ਤੇ ਭੱਜਣ 'ਚ ਕਾਮਯਾਬ ਹੋ ਗਿਆ।ਇਹ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਹੈ। ਉਸ ਨੇ ਕਾਰੋਬਾਰੀ ਤੋਂ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਦੋਵਾਂ 'ਚ 1.50 ਲੱਖ 'ਚ ਸੌਦਾ ਤੈਅ ਹੋ ਗਿਆ ਸੀ। ਜ਼ਖਮੀ ਗੈਂਗਸਟਰ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਫੇਰੂਕੇ ਨਿਵਾਸੀ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਫਿਰੌਤੀ ਦੀ ਧਮਕੀ ਤੋਂ ਘਬਰਾ ਕੇ ਵਪਾਰੀ ਕਈ ਦਿਨਾਂ ਤੋਂ ਆਪਣੀ ਦੁਕਾਨ 'ਤੇ ਵੀ ਨਹੀਂ ਜਾ ਰਿਹਾ ਸੀ।ਬਦਮਾਸ਼ ਦੇ ਫਰਾਰ ਹੋਣ ਤੋਂ ਤੁਰੰਤ ਬਾਅਦ ਦਿਹਾਤੀ ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਕਈ ਥਾਣਿਆਂ ਦੀ ਪੁਲੀਸ ਨੇ ਦੇਰ ਰਾਤ ਤੱਕ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਫਿਲਹਾਲ ਬਾਕੀ ਦੋਸ਼ੀਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ 'ਚ ਵੀ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ, ਜਿਸ ਦਾ ਪੁਲਸ ਜਲਦ ਹੀ ਪਰਦਾਫਾਸ਼ ਕਰੇਗੀ।