ਸਪਿਨਿੰਗ ਮਿੱਲ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ 

ਲੁਧਿਆਣਾ, 3 ਫ਼ਰਵਰੀ : ਲੁਧਿਆਣਾ ਦੇ ਜੰਡਿਆਲੀ ਬੁੱਢੇਵਾਲ ਰੋਡ 'ਤੇ ਸਥਿਤ ਸਪਿਨਿੰਗ ਮਿੱਲ 'ਚ ਅੱਜ ਸ਼ੁੱਕਰਵਾਰ ਤੜਕੇ 4.30 ਵਜੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ ਪਹੁੰਚੀਆਂ। ਇਸ ਅੱਗ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਸਵੇਰੇ ਰਾਹਗੀਰਾਂ ਨੇ ਮਿੱਲ ਵਿੱਚ ਅੱਗ ਦੀਆਂ ਲਪਟਾਂ ਦੇਖੀਆਂ। ਇਸ ’ਤੇ ਉਸ ਨੇ ਮਿੱਲ ਮਾਲਕ ਨੂੰ ਫੋਨ ਕੀਤਾ। ਇਹ ਸਪਿਨਿੰਗ ਮਿੱਲ ਪਾਰਸ਼ਵਨਾਥ ਦੀ ਦੱਸੀ ਜਾ ਰਹੀ ਹੈ।ਦੂਜੇ ਪਾਸੇ ਇਸ ਦੀ ਸੂਚਨਾ ਮਿਲਦੇ ਹੀ ਇਲਾਕਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਆਸ-ਪਾਸ ਦੀਆਂ ਫੈਕਟਰੀਆਂ ਅਤੇ ਮਿੱਲਾਂ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਇਨ੍ਹਾਂ ਨੂੰ ਕਈ ਕਿਲੋਮੀਟਰ ਦੂਰ ਤੱਕ ਦੇਖਿਆ ਜਾ ਸਕਦਾ ਸੀ।ਜ਼ਿਲ੍ਹਾ ਫਾਇਰ ਅਫ਼ਸਰ ਆਤਿਸ਼ ਰਾਏ ਨੇ ਦੱਸਿਆ ਕਿ ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਜੇ 2 ਘੰਟੇ ਦਾ ਸਮਾਂ ਲੱਗੇਗਾ, ਫਿਰ ਸਥਿਤੀ ਆਮ ਵਾਂਗ ਹੋ ਜਾਵੇਗੀ। ਅੱਗ ਬੁਝਾਉਣ ਲਈ 100 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ।