ਅੰਮ੍ਰਿਤਸਰ 'ਚ ਫਰਨੀਚਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, 5 ਲੋਕ ਝੁਲਸੇ

ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਇਕ ਫਰਨੀਚਰ ਦੀ ਦੁਕਾਨ ਵਿਚ ਵੀਰਵਾਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇਸ ਤਰ੍ਹਾਂ ਫੈਲੀ ਕੀ ਕੁਝ ਹੀ ਮਿੰਟਾਂ ਵਿਚ ਦੋ ਮੰਜ਼ਿਲਾ ਬਿਲਡਿੰਗ ਨਸ਼ਟ ਹੋ ਗਈ। ਦੁਕਾਨ ਦੇ ਅੰਦਰ ਰੱਖੇ ਕੈਮੀਕਲ ਵਿਚ ਧਮਾਕਾ ਹੋਇਆ ਜਿਸ ਵਿਚ ਦੁਕਾਨ ਦੇ ਬਾਹਰ-ਅੰਦਰ ਮੌਜੂਦ ਮਾਲਕ ਤੇ ਪੁਲਿਸ ਮੁਲਾਜ਼ਮ ਸਣੇ 5 ਲੋਕ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਅੰਮ੍ਰਿਤਸਰ ਦੇ ਛੇਹਰਟਾ ਵਿਚ ਜੇਐੱਸ ਫਰਨੀਚਰ ਸ਼ਾਪ ਵਿਚ ਅਚਾਨਕ ਹੀ ਅੱਗ ਭੜਕ ਗਈ। ਦੁਕਾਨ ਵਿਚ ਕਾਫੀ ਮਾਤਰਾ ਵਿਚ ਲੱਕੜੀ ਤੇ ਫਰਨੀਚਰ ਦਾ ਸਾਮਾਨ ਰੱਖਿਆ ਹੋਇਆ ਸੀ। ਢਾਬ ਬਸਤੀ ਰਾਮ ਤੋਂ ਸੇਵਾ ਸਮਤੀ ਤੇ ਰਾਨੀ ਕਾ ਬਾਗ ਤੇ ਹਾਲ ਗੇਟ ਤੋਂ ਫਾਇਰ ਬ੍ਰਿਗੇਡ ਗੱਡੀਆਂ ਦੇ ਆਉਣ ਵਿਚ ਕੁਝ ਸਮਾਂ ਲੱਗ ਗਿਆ। ਲੱਕੜੀ ਕਾਰਨ ਅੱਗ ਕਾਫੀ ਤੇਜ਼ੀ ਨਾਲ ਫੈਲੀ। ਇਸ ਦੌਰਾਨ ਦੁਕਾਨ ਦੇ ਅੰਦਰ ਧਮਾਕਾ ਹੋਇਆ। ਦੁਕਾਨ ਦੇ ਬਾਹਰ ਖੜ੍ਹੇ ਮਾਲਕ, ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਤੇ ਦੁਕਾਨ ਦੇ ਮੁਲਾਜ਼ਮ ਇਸ ਲਪੇਟ ਵਿਚ ਆ ਗਏ ਤੇ ਝੁਲਸ ਗਏ। ਧਮਾਕੇ ਦੇ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਦੁਕਾਨ ਦੇ ਅੰਦਰ ਫਰਨੀਚਰ ਪਾਲਸ਼ ਕਰਨ ਲਈ ਕੰਟੇਨਰਾਂ ਵਿਚ ਕੈਮੀਕਲ ਰੱਖਿਆ ਗਿਆ ਸੀ। ਅੱਗ ਦੀ ਲਪੇਟ ਵਿਚ ਆਉਣ ਨਾਲ ਇਥੇ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸਨੇ ਪੂਰੇ ਫਰਨੀਚਰ ਹਾਊਸ ਦੀਆਂ ਦੀਵਾਰਾਂ ਨੂੰ ਹਿਲਾ ਦਿੱਤਾ। ਜ਼ਖਮੀ ਦੁਕਾਨ ਮਾਲਕ ਨੇ ਦੱਸਿਆ ਕਿ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਸ਼ੋਅ ਰੂਮ ਵਿਚ ਭਾਰੀ ਮਾਤਰਾ ਵਿਚ ਫਰਨੀਚਰ ਤਿਆਰ ਕਰਕੇ ਰੱਖਿਆ ਗਿਆ ਸੀ। ਇੰਨਾ ਹੀ ਨਹੀਂ, ਫਰਨੀਚਰ ਵਿਚ ਇਸਤੇਮਾਲ ਹੋਣ ਵਾਲੀ ਲੱਕੜੀ ਤੇ ਪਲਾਈਬੋਰਡ ਆਦਿ ਵੀ ਰੱਖੇ ਹੋਏ ਸਨ। ਇਹ ਪੂਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਵੇਂ ਲੱਗੀ। ਦੁਕਾਨ ਮਾਲਕ ਤੇ ਸਟਾਫ ਨੂੰ ਵੀ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।