ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਤਕਨੀਕੀ ਜਾਣਕਾਰੀ : ਮੁੱਖ ਖੇਤੀਬਾੜੀ ਅਫਸਰ

  • ਖੇਤੀਬਾੜ੍ਹੀ ਵਿਭਾਗ ਵੱਲਂ ਬਲਾਕ ਸਰਹਿੰਦ ਅਤੇ ਅਮਲੋਹ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਗਰੂਕਤਾ ਕੈਂਪ 

ਫਤਹਿਗੜ੍ਹ ਸਾਹਿਬ, 27 ਮਈ : ਝੋਨੇ ਦੀ ਸਿੱਧੀ ਬਿਜਾਈ  ਕਰਨ ਅਤੇ ਫਸਲੀ ਵਿਭਿੰਨਤਾ ਅਪਨਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਕਿਸਾਨ ਆਪਣੇ ਖਰਚੇ ਘੱਟ ਕਰ ਸਕਦਾ ਹੈ ਉੱਥੇ ਹੀ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜ੍ਹੀ ਅਫਸਰ ਸ੍ਰੀ ਕੁਲਵਿੰਦਰ ਸਿੰਘ ਨੇ ਬਲਾਕ ਸਰਹਿੰਦ ਅਤੇ ਅਮਲੋਹ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਗਰੂਕਤਾ ਕੈਂਪਾਂ ਨੂੰ ਸਬੰਧੋਨ ਕਰਦਿਆਂ ਕੀਤਾ। ਮੁੱਖ ਖੇਤੀਬਾੜ੍ਹੀ ਅਫਸਰ ਨੇ ਦੱਸਿਆ ਕਿ ਇਸ ਮੌਕੇ  ਬਲਾਕ ਸਰਹਿੰਦ ਦੇ ਪਿੰਡ ਸਾਨੀਪੁਰ, ਸੰਗਤਪੁਰਾ, ਸਿੱਧੁਵਾਲ ਬਲਾਕ ਖੇੜਾ ਦੇ ਪਿੰਡ ਪੀਰ ਜੈਨ, ਭਗੜਾਣਾ, ਬਰਾਸ ਬਲਾਕ ਅਮਲੋਹ ਦੇ ਪਿੰਡ ਜੀਵਣ ਸਿੰਘ ਵਾਲਾ, ਬਰੋਂਗਾ, ਜੱਸੜਾਂ ਅਤੇ ਬਲਾਕ ਬਸੀ ਪਠਾਣਾ ਦੇ ਪਿੰਡ ਰੈਲੋਂ, ਜੰਡਾਲੀ, ਤਲਾਣੀਆ, ਮੈਣਮਾਜਰੀ  ਵਿਖੇ ਪਿੰਡ ਪੱਧਰੀ ਕੈਂਪ ਲਗਾਏ ਗਏ।   ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ  ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਵਾਤਾਵਰਣ ਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ  ਸ੍ਰੀ ਦਮਨ ਝਾਂਜੀ, ਖੇਤੀਬਾੜੀ ਵਿਕਾਸ ਅਫਸਰ, ਸਰਹਿੰਦ ਨੇ ਦੱਸਿਆ ਕਿ  ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਨਦੀਨਾਂ ਦੀ ਸਮੱਸਿਆ ਆ ਸਕਦੀ ਹੈ, ਪਰੰਤੂ ਜੇਕਰ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀਆਂ ਨਦੀਨ ਨਾਸ਼ਕ ਦਵਾਈਆਂ ਨੂੰ ਸਮੇਂ ਸਿਰ ਅਤੇ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਬਿਜਾਈ ਤਰ ਵੱਤਰ ਖੇਤ ਵਿੱਚ ਕੀਤੀ ਜਾਵੇ ਅਤੇ ਬੀਜਣ ਤੋਂ ਪਹਿਲਾਂ ਬੀਜ ਨੂੰ 8 ਤੋਂ 12 ਘੰਟਿਆਂ ਲਈ ਪਾਣੀ ਵਿੱਚ ਭਿਉ਼ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ ਦਵਾਈ ਨਾਲ ਸੋਧ ਕੇ ਬਿਜਾਈ ਕੀਤੀ ਜਾਵੇ। ਬੀਜਣ ਤੋਂ ਤੁਰੰਤ ਬਾਅਦ ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤੀ ਜਾਵੇ। ਸਵੇਰੇ ਜਲਦੀ ਅਤੇ ਸ਼ਾਮ ਨੂੰ ਕੀਤੀ ਸਪਰੇਅ ਜਿਆਦਾ ਅਸਰਦਾਰ ਹੁੰਦੀ ਹੈ। ਸ੍ਰੀਮਤੀ ਮਨਦੀਪ ਕੌਰ, ਖੇਤੀਬਾੜੀ ਵਿਸਥਾਰ ਅਫਸਰ, ਬਸੀ ਪਠਾਣਾ ਨੇ ਦੱਸਿਆ  ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਬਸਿਡੀ/ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਝੋਨੇ  ਦੀ ਸਿੱਧੀ ਬਿਜਾਈ ਤੋਂ 1500 ਰੁਪਏ ਦਾ ਲਾਭ ਲੈਣ ਲਈ agrimachinerypb.com ਤੇ ਰਜਿਸਟੇ੍ਰਸ਼ਨ ਕਰਵਾਉਣੀ ਲਾਜ਼ਮੀ ਹੈ।ਇਹ ਰਜਿਸਟੇ੍ਰਸ਼ਨ 22 ਮਈ ਤੋਂ 25 ਜੂਨ, 2023 ਤੱਕ ਕੀਤੀ ਜਾ ਸਕਦੀ ਹੈ। ਸ੍ਰੀ ਜਤਿੰਦਰ ਸਿੰਘ ਡੀ.ਪੀ.ਡੀ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਕਰਵਾ ਕੇ ਮਿੱਟੀ ਸਿਹਤ ਕਾਰਡ ਬਣਾਉਣ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ  ਦਾ ਇੱਕੋ ਇੱਕ ਮੰਤਵ ਪਾਣੀ ਸੰਜਮ ਨਾਲ ਵਰਤ ਕੇ ਧਰਤੀ ਨੂੰ ਬੰਜਰ ਹੋਣ ਤੋਂ ਰੋਕਣਾ ਅਤੇ ਆਉਣ  ਵਾਲੀਆਂ ਪੀੜੀਆਂ ਲਈ ਪਾਣੀ ਬਚਾ ਕੇ ਪੰਜਾਬ ਦੀ ਖੁਸ਼ਹਾਲੀ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਉਣਾ ਹੈ।ਸ੍ਰੀ ਨਰਾਇਣ ਰਾਮ, ਖੇਤੀਬਾੜੀ ਵਿਸਥਾਰ ਅਫਸਰ, ਖੇੜਾ ਨੇ ਖੇਤੀਬਾੜੀ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਸਾਨਾਂ ਨੂੰ ਖਾਦਾਂ ਦੀ  ਸੁਚੱਜੀ ਵਰਤੋਂ ਬਾਰੇ ਵਿਸਥਾਰ—ਪੂਰਵਕ ਜਾਣਕਾਰੀ ਦਿੱਤੀ। ਇਨ੍ਹਾਂ ਕੈਂਪਾਂ ਵਿੱਚ ਸ੍ਰੀ ਤੇਜਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ, ਸ੍ਰੀ ਹਰਦੀਪ ਸਿੰਘ, ਸ੍ਰੀਮਤੀ ਕਿਰਨਜੀਤ ਕੌਰ, ਸ੍ਰੀ ਨਵਪ੍ਰੀਤ ਸਿੰਘ, ਸ੍ਰੀ ਰਾਜਵੀਰ ਸਿੰਘ, ਸ੍ਰੀ ਜ਼ਸਵਿੰਦਰ ਸਿੰਘ ਏ.ਟੀ.ਐਮ, ਸ੍ਰੀ ਜਸ਼ਨਪ੍ਰੀਤ ਸਿੰਘ, ਸ੍ਰੀ ਮਨਵੀਰ ਸਿੰਘ ਅਤੇ ਸ੍ਰੀ ਮਨਾਗਰ ਸਿੰਘ ਵੱਲੋਂ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।