ਸਿਹਤ ਵਿਭਾਗ ਦੀਆਂ ਟੀਮਾਂ ਨੇ ਸਰਹੱਦੀ ਪਿੰਡਾਂ ਵਿਚ ਸੰਭਾਲਿਆਂ ਮੋਰਚਾ

  • ਲੋਕਾਂ ਨੂੰ ਦਿੱਤੀ ਜਾ ਰਹੀ ਹੈ ਮੈਡੀਕਲ ਸਹਾਇਤਾ

ਫਾਜਿ਼ਲਕਾ, 14 ਜ਼ੁਲਾਈ : ਸਿਹਤ ਵਿਭਾਗ ਵੱਲੋਂ ਸਰਹੱਦੀ ਖੇਤਰਾਂ ਵਿਚ ਸਤਲੁਜ਼ ਦਾ ਪਾਣੀ ਆਉਣ ਦੇ ਮੱਦੇਨਜਰ ਵੱਖ ਵੱਖ ਥਾਂਵਾਂ ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਅੱਜ ਅਗਲੇਰੇ ਪਿੰਡ ਝੰਗੜ ਭੈਣੀ ਤੱਕ ਪੁੱਜੀਆਂ ਅਤੇ ਇੱਥੇ ਪਿੰਡ ਵਿਚ ਲੋਕਾਂ ਨੂੰ ਦਵਾਈਆਂ ਮੁਹਈਆ ਕਰਵਾਈਆਂ। ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਦੱਸਿਆ ਕਿ ਬਰਸਾਤਾਂ ਅਤੇ ਹੜ੍ਹਾਂ ਦੇ ਸਮੇਂ ਜਾਂ ਪਾਣੀ ਨਿਕਲਣ ਤੋਂ ਬਾਅਦ ਸਿਹਤ ਪੱਖੋਂ ਕਾਫੀ ਸੰਵੇਦਨਸ਼ੀਲ ਸਮਾਂ ਹੁੰਦਾ ਹੈ। ਇਸ ਲਈ ਵਿਭਾਗ ਦੀਆਂ ਟੀਮਾਂ ਇੰਨ੍ਹਾਂ ਪਿੰਡਾਂ ਵਿਚ ਕੰਮ ਕਰ ਰਹੀਆਂ ਹਨ। ਪਿੰਡ ਮਹਾਤਮ ਨਗਰ ਵਿਖੇ ਪਿੱਛਲੇ ਕਈ ਦਿਨਾਂ ਤੋਂ ਟੀਮ ਤਾਇਨਾਤ ਹੈ ਜਦ ਕਿ ਅੱਜ਼ ਤੋਂ ਇਹ ਟੀਮਾਂ ਹੋਰ ਅੱਗੇ ਪਿੰਡਾਂ ਤੱਕ ਜਾਣ ਲੱਗੀਆਂ ਹਨ। ਅੱਜ ਪਿੰਡ ਝੰਗੜ ਭੈਣੀ ਵਿਖੇ ਇਹ ਟੀਮ ਪੁੱਜੀ ਅਤੇ ਲੋਕਾਂ ਨੂੰ ਦਵਾਈਆਂ ਉਪਲਬੱਧ ਕਰਵਾਈਆਂ ਗਈਆਂ। ਸਿਵਲ ਸਰਜਨ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਰਾਹਤ ਕੈਂਪਾਂ ਲਈ ਵੀ ਟੀਮਾਂ ਲਗਾਈਆਂ ਗਈਆਂ ਹਨ ਜਦ ਕਿ ਕਰੀਕ ਪਾਰਲੇ ਪਿੰਡਾਂ ਤੇ ਹੁਣ ਵਿਭਾਗ ਦੀ ਵਿਸੇਸ਼ ਤੱਵਜੋਂ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਿੰਡਾਂ ਵਿਚ ਲੋਕਾਂ ਨੂੰ ਦਵਾਈਆਂ ਮੁਹਈਆ ਕਰਵਾਉਣ ਦੇ ਨਾਲ ਨਾਲ ਸਿਹਤ ਸੰਭਾਲ ਸੰਬੰਧੀ ਆਮ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।ਵਿਸੇਸ਼ ਕਰਕੇ ਪੀਣ ਦੇ ਸਾਫ ਪਾਣੀ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜ਼ੇਕਰ ਪਾਣੀ ਜਿਆਦਾ ਆ ਜਾਵੇ ਤਾਂ ਪੀਣ ਵਾਲੇ ਸਾਫ ਪਾਣੀ ਚੋਣ ਕਿਵੇਂ ਕਰਨੀ ਹੈ ਅਤੇ ਪਾਣੀ ਨੂੰ ਉਬਾਲ ਕੇ ਜਾਂ ਕਲੋਰੀਨੇਸ਼ਨ ਕਿਵੇਂ ਕਰਨੀ ਹੈ। ਇਸ ਮੌਕੇ ਪਿੰਡ ਝੰਗੜ ਭੈਣੀ ਦੇ ਸ਼ੇਰ ਸਿੰਘ ਜ਼ੋ ਕਿ ਬੁਖਾਰ ਦੀ ਦਵਾਈ ਲੈਣ ਆਇਆ ਸੀ ਨੇ ਕਿਹਾ ਕਿ ਸਿਹਤ ਵਿਭਾਗ ਦਾ ਇਹ ਬਹੁਤ ਹੀ ਸਾਰਥਕ ਉਪਰਾਲਾ ਹੈ ਜ਼ੋ ਟੀਮ ਪਿੰਡ ਵਿਚ ਹੀ ਦਵਾਈਆਂ ਲੈ ਕੇ ਪੁੱਜੀ ਹੈ ਅਤੇ ਸਾਨੂੰ ਇੱਥੇ ਹੀ ਦਵਾਈਆਂ ਦਿੱਤੀਆਂ ਹਨ। ਪਿੰਡ ਗੁਲਾਬਾ ਭੈਣੀ ਦਾ ਮੁਖਤਿਆਰ ਸਿੰਘ ਨੇ ਮਹਾਤਮ ਨਗਰ ਵਿਖੇ ਸਿਹਤ ਵਿਭਾਗ ਦੀ  ਟੀਮ ਤੋਂ ਦਵਾਈਆਂ ਲੈਂਦਿਆਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੇ ਉਨ੍ਹਾਂ ਨੂੰ ਸੌਖ ਦਿੱਤੀ ਹੈ।