ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਕੀਤਾ ਗ੍ਰਿਫ਼ਤਾਰ

ਬਰਨਾਲਾ, 15 ਮਈ : ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਕਾਬੂ ਕੀਤਾ ਹੈ। ਦੱਸ ਦਈਏ ਕਿ ਭਾਨਾ ਸਿੱਧੂ ਅਤੇ ਉਸਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਦੋਵੇਂ ਵਾਸੀ ਪਿੰਡ ਕੋਟਦੁੱਨਾ ਜ਼ਿਲ੍ਹਾ ਬਰਨਾਲਾ ਖ਼ਿਲਾਫ਼ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਏਐੱਸਆਈ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਮਹਿਲ ਕਲਾਂ ’ਚ ਕਾਫ਼ੀ ਸੰਗੀਨ ਅਪਰਾਧਾਂ ਦੇ ਦੋਸ਼ ’ਚ 11 ਮਈ 2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸੋਸ਼ਲ ਮੀਡੀਆ ’ਤੇ ਭਾਨਾ ਸਿੱਧੂ ਵੱਲੋਂ ਦਿੱਤੇ ਬਿਆਨ ਤੋਂ ਨਾਰਾਜ਼ ਏਐੱਸਆਈ ਗੁਰਮੇਲ ਸਿੰਘ ਨੇ ਭਾਨਾ ਸਿੱਧੂ ਖ਼ਿਲਾਫ਼ ਇਕ ਵੀਡੀਓ ਪਾਈ ਸੀ।ਗੁਰਮੇਲ ਸਿੰਘ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਨਾ ਸਿੱਧੂ ਨੇ ਵੀਡੀਓ ਪਾਕੇ ਗੁਰਮੇਲ ਸਿੰਘ ਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸਨ ਤੇ ਸਰਕਾਰ ’ਤੇ ਖਿਲਾਫ਼ ਕਾਫ਼ੀ ਤਿੱਖੇ ਸ਼ਬਦਾਂ ਇਸਤੇਮਾਲ ਕੀਤਾ, ਜਿਸਦਾ ਜ਼ਿਕਰ ਐੱਫਆਈਆਰ ’ਚ ਹੈ। ਉਸ ਸਮੇਂ ਭਾਨਾ ਸਿੱਧੂ ਆਸਟ੍ਰੇਲੀਆ ਗਿਆ ਹੋਇਆ ਸੀ। ਪੁਲਿਸ ਉਦੋਂ ਤੋਂ ਹੀ ਭਾਨਾ ਸਿੱਧੂ ਦੇ ਭਾਰਤ ਪਰਤਣ ਦੀ ਉਡੀਕ ਵਿੱਚ ਸੀ, ਜਿਵੇਂ ਕਿ ਪੁਲਿਸ ਨੂੰ ਭਾਨਾ ਸਿੱਧੂ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁੰਮਟੀ ਨੇੜੇ ਹੋਣ ਦੀ ਜਾਣਕਾਰੀ ਮਿਲੀ ਤਾਂ ਸੀਆਈਏ ਸਟਾਫ਼ ਬਰਨਾਲਾ ਦੀ ਟੀਮ ਨੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਉਸਨੂੰ ਕਾਬੂ ਕੀਤਾ। ਡੀਐੱਸਪੀ ਮਹਿਲ ਕਲਾਂ ਨੇ ਦੱਸਿਆ ਕਿ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।