ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਅਧਿਆਪਕਾਂ ਦਾ ਸਮੂਹਿਕ ਛੁੱਟੀ ਉੱਤੇ ਜਾਣਾ ਵਿਦਿਆਰਥੀਆਂ ਦੇ ਭਵਿੱਖ ਲਈ ਖ਼ਤਰਾ - ਬਲਬੀਰ ਸਿੰਘ ਸਿੱਧੂ

ਐਸ.ਏ.ਐਸ. ਨਗਰ, 13 ਫਰਵਰੀ : ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਖ਼ਬਾਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫਾਈਨਲ ਪ੍ਰੀਖਿਆਵਾਂ ਤੋਂ ਠੀਕ ਪਹਿਲਾਂ ਪੰਜਾਬ ਦੇ 650 ਮੁੱਖ ਅਧਿਆਪਕਾਂ ਨੇ 13 ਫਰਵਰੀ ਨੂੰ ਸਮੂਹਿਕ ਛੁੱਟੀ 'ਤੇ ਜਾਣ ਦਾ ਫ਼ੈਸਲਾ ਕੀਤਾ ਸੀ। ਸਿੱਧੂ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਸਰਕਾਰ ਅਤੇ ਅਧਿਆਪਕਾਂ ਦੇ ਵਿੱਚ ਨਾਰਾਜ਼ਗੀ ਹਜ਼ਾਰਾਂ ਵਿਦਿਆਰਥੀਆਂ ਦੀ ਪੜ੍ਹਾਈ ਉਤੇ ਸਿੱਧਾ ਪ੍ਰਭਾਵ ਪਾਵੇਗੀ। ਉਹਨਾਂ ਨੇ ਅੱਗੇ ਆਖਦੇ ਕਿਹਾ ਕਿ ਹੈਡਮਾਸਟਰਾਂ ਦੀ ਨਿਯੁਕਤੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੀਤੀ ਗਈ ਸੀ, ਪਰ ਪ੍ਰੋਬੇਸ਼ਨ ਸਮਾਂ ਪੂਰਾ ਕਰਨ ਦੇ ਬਾਵਜ਼ੂਦ ਆਪ ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀਆਂ ਦੀ ਪੁਸ਼ਟੀ ਨਹੀਂ ਕੀਤੀ ਗਈ, ਜੋ ਇਕ ਮੰਦਭਾਗੀ ਗੱਲ ਹੈ। ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੇ 8000 ਤੋਂ ਵੱਧ ਸਰਵ ਸਿੱਖਿਆ ਅਭਿਆਨ ਪ੍ਰੋਗਰਾਮ ਦੇ ਤਹਿਤ ਭਰਤੀ ਹੋਏ ਅਧਿਆਪਕਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ। ਸਿੱਧੂ ਨੇ ਤੰਜ ਕਸਦਿਆਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਲੋਕਾਂ ਨੂੰ ਲਾਰੇ ਹੀ ਲਗਾਏ ਜਾਂਦੇ ਹਨ, ਗ੍ਰਾਉੰਡ ਉਤੇ ਕੁਝ ਵੀ ਮੁਕੰਮਲ ਨਹੀਂ ਹੁੰਦਾ। ਪਰ ਹੁਣ ਲੋਕਾਂ ਨੂੰ ਇੰਨਾ ਦੀ ਜਾਲਸਾਜ਼ੀਆਂ ਦਾ ਪਤਾ ਲੱਗ ਗਿਆ ਹੈ। ਸਿੱਧੂ ਨੇ ਕਿਹਾ 11 ਮਹੀਨੇ ਦੇ ਰਾਜ ਵਿੱਚ ਆਪ ਸਰਕਾਰ ਨੇ ਰਿਕਾਰਡ ਪ੍ਰਦਰਸ਼ਨ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕੀਤਾ ਹੈ। ਇਸ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਲੋਕਾਂ ਦਾ ਭਰੋਸਾ ਇਸ ਸਰਕਾਰ ਤੋਂ ਉੱਠ ਚੁਕਿਆ ਹੈ। ਸਿੱਧੂ ਨੇ ਕਿਹਾ ਸਿੰਗਾਪੁਰ ਦੇ ਟ੍ਰਿਪ ਤੁਸੀਂ ਫੇਰ ਕਰਵਾ ਲਿਓ ਪਹਿਲਾਂ ਅਧਿਆਪਕ ਦਾ ਭਵਿਖ ਸੁਨਿਸ਼ਚਿਤ ਕਰੋ। ਇੱਕ ਸਿਹਤਮੰਦ ਸਿੱਖਿਆ ਮਾਡਲ ਦੀ ਨਿਸ਼ਾਨੀ ਉਸਦੇ ਸੰਤੁਸ਼ਟ ਅਧਿਆਪਕ ਹਨ, ਜੇਕਰ ਉਹ ਸੰਤੁਸ਼ਟ ਨਹੀਂ ਤਾਂ ਬੱਚਿਆਂ ਦਾ ਭਵਿੱਖ ਕਿਵੇਂ ਸੁਰੱਖਿਅਤ ਹੋਵੇਗਾ।