ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਵਿੱਚ ਜ਼ਿਲ੍ਹਾ ਬਰਨਾਲਾ ਪੰਜਾਬ ਭਰ 'ਚੋਂ ਮੋਹਰੀ :  ਡਾ. ਔਲਖ

  • ਕਿਹਾ, ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਕਰਕੇ ਸਮੇਂ 'ਤੇ ਇਲਾਜ ਕਰਨਾ ਬੇਹੱਦ ਜ਼ਰੂਰੀ

ਬਰਨਾਲਾ, 30 ਮਈ : ਸਿਹਤ ਵਿਭਾਗ ਵੱਲੋਂ ਸਾਲ 2025 ਤੱਕ ਟੀ.ਬੀ.ਮੁਕਤ ਕਰਨ ਦੇ ਟੀਚੇ ਨਾਲ ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਲਈ ਹਰ ਸਾਲ ਵਿਸ਼ੇਸ਼ "ਡੋਰ ਟੂ ਡੋਰ" ਮੁਹਿੰਮ ਚਲਾਈ ਜਾਂਦੀ ਹੈ। ਇਸ ਵਾਸਤੇ ਹਰ ਇਕ ਜ਼ਿਲ੍ਹੇ ਨੂੰ ਆਬਾਦੀ ਦੀ ਤੁਲਨਾ ਨਾਲ ਵਿਸ਼ੇਸ਼ ਟੀਚਾ ਦਿੱਤਾ ਜਾਂਦਾ ਹੈ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਪਿਛਲੇ ਸਾਲ ਕੁੱਲ 700 ਮਰੀਜ਼ਾਂ ਦੀ ਭਾਲ ਕਰਨ ਦਾ ਟੀਚਾ ਮਿਲਿਆ ਸੀ, ਜਿਸ ਦੇ ਸਿੱਟੇ ਵਜੋਂ ਸਿਹਤ ਵਿਭਾਗ ਬਰਨਾਲਾ ਦੇ ਸਮੂਹ ਅਧਿਕਾਰੀ ਕਰਮਚਾਰੀਆਂ ਨੇ ਤੈਅ ਟੀਚੇ ਤੋਂ ਵੱਧ ਕੇ 119 ਫੀਸਦੀ ( 832 ਮਰੀਜ਼ਾਂ) ਲੱਭ ਕੇ ਪੂਰੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਟੀ.ਬੀ ਦੀ ਬਿਮਾਰੀ ਇਕ ਗੰਭੀਰ ਬਿਮਾਰੀ ਹੈ ਜੋ ਕਿ ਸਮੇਂ 'ਤੇ ਪਛਾਣ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸਿਹਤ ਕਰਮੀਆਂ ਵੱਲੋਂ ਆਪੋ ਆਪਣੇ ਸਬੰਧਿਤ ਖੇਤਰਾਂ ਵਿੱਚ ਘਰੋ-ਘਰੀ ਜਾ ਕੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦਾ ਸੈਂਪਲ ਮੌਕੇ 'ਤੇ ਲੈ ਕੇ ਟੈਸਟਿੰਗ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ। ਟੈਸਟਿੰਗ ਦੌਰਾਨ ਜੋ ਮਰੀਜ਼ ਟੀ.ਬੀ. ਤੋਂ ਪੀੜਤ ਪਾਇਆ ਗਿਆ ਤਾਂ ਉਸਦਾ ਸਾਰਾ ਇਲਾਜ ਬਿਲੁਕਤ ਮੁਫਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਲ 2025 ਤੱਕ ਟੀ.ਬੀ. ਮੁਕਤ ਦੇਸ਼ ਕਰਨ ਦਾ ਟੀਚਾ ਮਿਥਿਆ ਗਿਆ ਹੈ, ਇਸ ਲਈ ਵੀ ਇਸ ਮੁਹਿੰਮ ਦਾ ਬਹੁਤ ਅਹਿਮ ਰੋਲ ਹੈ। ਡਾ. ਕਰਨਦੀਪ ਸਿੰਘ ਜ਼ਿਲ੍ਹਾ ਟੀ ਬੀ ਅਫਸਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤੇ ਤੋਂ ਜ਼ਿਆਦਾ ਖੰਘ ਅਤੇ ਸ਼ਾਮ ਨੂੰ ਹਲਕਾ-2 ਬੁਖਾਰ ਹੋਵੇ , ਭੁੱਖ ਘੱਟ ਲੱਗਦੀ ਹੋਵੇ, ਥੁੱਕ ਵਿੱਚ ਖੂਨ ਆਉਣ ਆਦਿ ਲੱਛਣ ਹੋਣ ਤਾਂ ਉਹ ਟੀ.ਬੀ. ਦਾ ਸ਼ੱਕੀ ਮਰੀਜ਼ ਹੋ ਸਕਦਾ ਹੈ। ਟੀ.ਬੀ. ਦੇ ਇਲਾਜ ਦਾ ਕੋਰਸ 6 ਤੋਂ 8 ਮਹੀਨੇ ਤੱਕ ਦਾ ਹੋਣ ਕਾਰਨ ਕਈ ਮਰੀਜ਼ ਅਪਣਾ ਕੋਰਸ ਪੂਰਾ ਨਹੀਂ ਕਰਦੇ ਤੇ ਅੱਧ ਵਿਚਕਾਰ ਛੱਡ ਦਿੰਦੇ ਹਨ, ਇਸ  ਕਰਕੇ ਮਰੀਜ਼ ਨੂੰ ਦੁਬਾਰਾ ਖਤਰਨਾਕ ਕਿਸਮ ਦੀ ਟੀ.ਬੀ. ਹੋਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਇਹ ਦਵਾਈ ਸਿਹਤਕਰਤਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲਾਂ ਵਿੱਚ ਬਿਨਾਂ ਨਾਗੇ ਖਾਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਦਾ ਸਹੀ ਅਤੇ ਪੂਰਾ ਇਲਾਜ ਹੋ ਸਕੇ । ਉਹਨਾਂ ਦੱਸਿਆ ਕਿ ਟੀ.ਬੀ. ਦੇ ਮਰੀਜ਼ਾਂ ਨੂੰ ਮੂੰਹ 'ਤੇ ਕੱਪੜਾ ਲੈਣ  ਅਤੇ ਜਗ੍ਹਾ-2 'ਤੇ ਨਾ ਥੁੱਕਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਟੀ.ਬੀ. ਦੇ ਮਰੀਜ਼ ਇਸ ਬਿਮਾਰੀ ਨੂੰ ਅੱਗੇ ਨਾ ਫੈਲਾ ਸਕਣ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਅੱਧ ਵਿਚਕਾਰ ਨਾ ਛੱਡਣ। ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਘਰੋ ਘਰ ਜਾਣ ਵਾਲੇ ਸਿਹਤ ਕਰਮਚਾਰੀ, ਆਸ਼ਾ ਵਰਕਰਾਂ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਟੀ.ਬੀ. ਦੀ ਬਿਮਾਰੀ ਨੂੰ ਜੜੋਂ ਖਤਮ ਕਰ ਸਕੀਏ।