ਟੀ.ਬੀ. ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤਾ ਜਾ ਰਿਹਾ ਹਰ ਸੰਭਵ ਯਤਨ-ਡਿਪਟੀ ਕਮਿਸ਼ਨਰ

  • ਟੀ.ਬੀ. ਦੇ 27 ਮਰੀਜਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਫਰੀਦਕੋਟ, 11 ਜੁਲਾਈ 2024 : ਸਟੇਟ ਟੀਬੀ ਅਫਸਰ ਡਾ. ਰਾਜੇਸ਼ ਭਾਸਕਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਫਰੀਦਕੋਟ ਡਾ ਮਨਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਟੀ.ਬੀ. ਅਫਸਰ ਡਾ. ਸਰਵਦੀਪ ਰੋਮਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਦਾ ਟੀ.ਬੀ. ਵਿਭਾਗ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਹਨਾਂ ਯਤਨਾਂ ਤਹਿਤ ਅੱਜ ਸਿਵਲ ਹਸਪਤਾਲ ਫਰੀਦਕੋਟ ਦੇ ਟੀ.ਬੀ. ਵਿਭਾਗ ਵਿੱਚ ਹੇਠ ਨਿਕਸ਼ੈ ਮਿੱਤਰਾ ਬਣੇ ਸਮਾਜ ਸੇਵੀ ਸੰਸਥਾ ਪ੍ਰਗਤੀ ਵੈਲਫੇਅਰ ਸੁਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਵੱਲੋਂ ਟੀ.ਬੀ. ਦੇ 27 ਮਰੀਜਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇੱਥੇ ਵਰਨਣਯੋਗ ਹੈ ਕਿ ਪ੍ਰਗਤੀ ਵੈਲਫੇਅਰ ਸੋਸਾਇਟੀ ਫਰੀਦਕੋਟ ਵੱਲੋਂ ਕੁੱਲ 51 ਮਰੀਜ਼ਾਂ ਨੂੰ ਗੋਦ ਲਿਆ ਗਿਆ ਹੈ। ਇਹਨਾਂ ਮਰੀਜਾਂ ਨੂੰ ਸੁਸਾਇਟੀ ਵੱਲੋਂ 6 ਮਹੀਨਿਆਂ ਲਈ ਮੁਫਤ ਰਾਸ਼ਨ ਪ੍ਰਦਾਨ ਕੀਤਾ ਜਾਣਾ ਹੈ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਸਮਾਜ ਸੇਵੀ ਸੰਸਥਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਇਸੇ ਤੋਂ ਸੇਧ ਲੈਂਦੇ ਹੋਏ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਮਰੀਜਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ਪਾਲ ਸਿੰਘ ਸਿਵਲ ਸਰਜਨ ਫਰੀਦਕੋਟ ਅਤੇ ਜਿਲ੍ਹਾ ਟੀ.ਬੀ. ਅਫਸਰ ਡਾ. ਸਰਵਦੀਪ ਰੋਮਾਣਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 2025 ਤੱਕ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਫਰੀਦਕੋਟ ਵਿਖੇ ਟੀ.ਬੀ. ਦੇ ਮਰੀਜਾਂ ਦਾ ਇਲਾਜ ਬਿੱਲਕੁਲ ਮੁਫਤ ਕੀਤਾ ਜਾਂਦਾ ਹੈ ਉਹਨਾਂ ਦੇ ਟੀ.ਬੀ. ਦੇ ਹਰ ਤਰਾਂ ਦੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਟੀ.ਬੀ. ਦੇ ਮਰੀਜ ਨੂੰ ਸਿਹਤ ਵਿਭਾਗ ਵੱਲੋਂ ਵੀ ਖੁਰਾਕ ਲਈ 500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਟੀ.ਬੀ. ਦੇ ਖੇਤਰ ਵਿੱਚ ਮਰੀਜਾਂ ਨੂੰ ਸੇਵਾਵਾਂ ਦੇਣ ਵਜੋਂ ਫਰੀਦਕੋਟ ਜਿਲ੍ਹਾ ਪਹਿਲੇ ਨੰਬਰ ਤੇ ਹੈ।  ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ.ਵਰਿੰਦਰ ਕੁਮਾਰ,ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਾਜੋਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਯੋਤੀ ਅਤੇ ਐਸ.ਐਮ.ਓ ਡਾ.ਵਿਸ਼ਵਦੀਪ ਗੋਇਲ, ਡੀ.ਟੀ.ਓ ਡਾ.ਸਰਵਦੀਪ ਸਿੰਘ ਰੋਮਾਣਾ, ਡਾ. ਪ੍ਰੀਤੀ ਗੋਇਲ ਐਮ.ਓ.ਟੀ.ਬੀ., ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਅਤੇ ਸਮੁੱਚਾ ਟੀ.ਬੀ ਸਟਾਫ਼ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ।