ਖੇਤੀ ਮਾਹਿਰਾਂ ਵੱਲੋਂ ਪਿੰਡ ਖਾਰਾ ਅਤੇ ਵਾੜਾ ਦਰਾਕਾ ਵਿਖੇ ਨਰਮੇਂ ਦੇ ਖੇਤਾਂ ਦਾ ਸਰਵੇਖਣ

ਫ਼ਰੀਦਕੋਟ 7 ਜੂਨ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਨਰਮੇਂ ਦੀ ਫਸਲ ਵਾਲੇ ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ। ਇਸੇ ਲੜੀ ਅਧੀਨ ਡਾ. ਗਿੱਲ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਡਾ. ਗੁਰਿੰਦਰਪਾਲ ਸਿੰਘ ਖੇਤੀਬਾੜੀ ਅਫਸਰ (ਟਰੇਨਿੰਗ), ਡਾ. ਗੁਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਬੀਜ), ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਟੀ.ਏ) ਅਤੇ ਸ੍ਰੀ ਨਰਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਸ਼ਾਮਿਲ ਸਨ, ਵੱਲੋਂ ਪਿੰਡ ਖਾਰਾ ਅਤੇ ਵਾੜਾ ਦਰਾਕਾ ਵਿਖੇ ਸ੍ਰੀ ਭੋਲਾ ਸਿੰਘ ਅਤੇ ਸ੍ਰੀ ਜਸਵਿੰਦਰ ਸਿੰਘ ਦੇ ਵੱਖ-ਵੱਖ ਖੇਤਾਂ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਵੱਲੋਂ ਮੌਕੇ ਤੇ ਮੌਜੂਦ ਕਿਸਾਨ ਵੀਰਾਂ ਨੂੰ ਦੱਸਿਆ ਕਿ ਪਿਛਲੇ ਦਿਨੀ ਹੋਈ ਲਗਾਤਾਰ ਬਾਰਿਸ਼ ਕਰਕੇ ਨਰਮੇਂ ਦੀ ਫਸਲ ਵਿਚ ਕਾਫੀ ਨਦੀਨ ਦੇਖਣ ਨੂੰ ਮਿਲੇ ਹਨ, ਸੋ ਇਹ ਸਹੀ ਸਮਾਂ ਹੈ ਕਿ ਨਰਮੇ ਦੀ ਫਸਲ ਨੂੰ ਸੀਲ ਦਿੱਤਾ ਜਾਵੇ ਅਤੇ ਜਰੂਰਤ ਅਨੁਸਾਰ ਖਾਦਾਂ ਦੀ ਪੂਰਤੀ ਕੀਤੀ ਜਾਵੇ। ਇਸ ਤੋਂ ਇਲਾਵਾ ਨਰਮੇਂ ਦੀ ਫਸਲ ਉੱਪਰ ਕਿਸੇ ਤਰ੍ਹਾਂ ਦੇ ਕੀੜੇ-ਮਕੌੜੇ ਜਾਂ ਬਿਮਾਰੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਨਰਮੇਂ ਦੀ ਫਸਲ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਆਪਣੇ ਪੱਧਰ ਤੇ ਕਿਸੇ ਕਿਸਮ ਦੇ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਨਰਮੇਂ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇਂ ਉੱਤੇ ਵਰਤੇ ਜਾਣ ਵਾਲੇ ਖੇਤੀ ਇੰਨਪੁਟਸ ਦੇ ਪੱਕੇ ਬਿੱਲ ਜਰੂਰ ਆਪਣੇ ਕੋਲ ਸੰਭਾਲ ਕੇ ਰੱਖਣ।