ਪਰਾਲੀ ਪ੍ਰਬੰਧਨ ਲਈ ਵਿਦਿਆਰਥੀ ਮੋਹਰੀ ਭੂਮਿਕਾ ਨਿਭਾਉਣ : ਡਾ. ਜਗਦੀਸ਼ ਸਿੰਘ 

  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿੱਚ ਕਰਵਾਇਆ ਜਾਗਰੂਕਤਾ ਸਮਾਗਮ

ਬਰਨਾਲਾ, 21 ਸਤੰਬਰ 2024 : ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਸੀ .ਆਰ .ਐਮ ਦੀ ਆਈ .ਈ .ਸੀ ਗਤੀਵਿਧੀ ਤਹਿਤ ਸਕੂਲ ਵਿੱਚ ਪਲੇਠਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਜਾਗਰੂਕਤਾ ਅਭਿਆਨ 2024 ਅਨੁਸਾਰ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਾਉਣ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸਮਾਗਮ ਕਰਾਇਆ  ਗਿਆ ਜਿਸ ਵਿੱਚ ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪਰਾਲੀ ਪ੍ਰਬੰਧਨ ਪ੍ਰਤੀ ਵਿਦਿਆਰਥੀ ਵਰਗ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੀ ਇਹ ਸਭ ਤੋਂ ਵੱਡੀ ਸਮੱਸਿਆ ਹੈ , ਵਾਤਾਵਰਨ ਨੂੰ ਬਚਾਉਣਾ ਮਾਨਵਤਾ ਦਾ ਪਹਿਲਾ ਕਾਰਜ ਹੈ। ਇਸ ਕਾਰਜ ਲਈ ਸਾਨੂੰ ਨਿੱਜੀ ਰੂਪ ਵਿੱਚ ਅੱਗੇ ਹੋ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਇਸੇ ਲੜੀ ਤਹਿਤ ਉਹ ਸਕੂਲਾਂ ਵਿੱਚ, ਪਿੰਡਾਂ ਵਿੱਚ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰ ਰਹੇ ਹਨ ਤੇ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਮੁਹਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ.  ਜਗਦੀਸ਼ ਸਿੰਘ ਨੇ ਬਠਿੰਡਾ ਵਿੱਚ ਲੱਗਣ ਵਾਲੇ ਸੀ.ਬੀ.ਜੀ ਪਲਾਂਟ ਦੀ ਵੀ ਜਾਣਕਾਰੀ ਦਿੱਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਨੋਡਲ ਅਫਸਰ ਸ੍ਰੀਮਤੀ ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪਰਾਲੀ ਪ੍ਰਬੰਧਨ ਵਾਤਾਵਰਨ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਸਕੂਲੀ ਬੱਚਿਆਂ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਲਈ ਬਣਾਏ ਗਏ ਮਾਡਲ, ਪੇਂਟਿੰਗ ਅਤੇ ਨਾਟਕ ਮੰਚਨ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸਾਡੇ ਸਿੱਖਿਆ ਵਿਭਾਗ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਜਾਗਰੂਕਤਾ ਅਭਿਆਨ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਵੇ। ਨੋਡਲ ਅਫਸਰ ਅਵਨੀਸ਼ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਖੀ ਦਾ, ਸਕੂਲ ਨੋਡਲ ਅਫਸਰ ਆਰਤੀ ਸ਼ਰਮਾ, ਨਵਰੀਤ ਭੱਟੀ, ਨਵਜੋਤ ਕੌਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਪਰਾਲੀ ਪ੍ਰਬੰਧਨ ਜਾਗਰੂਕਤਾ ਅਭਿਆਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਅਤੇ ਸਰਟੀਫਿਕੇਟ, ਇਨਾਮ ਵੰਡੇ ਗਏ।