ਹਿੱਟ ਐਂਡ ਰਨ ਕਾਨੂੰਨ ਵਿਰੁੱਧ ਕਈ ਰਾਜਾਂ ਵਿੱਚ ਬੱਸ ਤੇ ਟਰੱਕ ਡਰਾਈਵਰ ਹੜਤਾਲ ‘ਤੇ ਪੰਜਾਬ ‘ਚ ਟਰੱਕ ਯੂਨੀਅਨ ਨੇ ਨਕੋਦਰ-ਮੋਗਾ ਹਾਈਵੇਅ ਕੀਤਾ ਜਾਮ

ਮੋਗਾ, 1 ਜਨਵਰੀ : ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ‘ਚ ਅੱਜ ਨਵੇਂ ਸਾਲ ਦੇ ਪਹਿਲੇ ਹੀ ਦਿਨ ਦੇਸ਼ ਦੇ 8 ਸੂਬਿਆਂ ਪੰਜਾਬ ,ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ, ਛੱਤੀਸਗੜ੍ਹ, ਯੂਪੀ, ਉੱਤਰਾਖੰਡ ਅਤੇ ਗੁਜਰਾਤ ‘ਚ ਬੱਸ ਅਤੇ ਟਰੱਕ ਡਰਾਈਵਰ ਹੜਤਾਲ ‘ਤੇ ਹਨ। ਭਾਰਤੀ ਨਿਆਂਇਕ ਸੰਹਿਤਾ 2023 ਵਿੱਚ ਸੋਧ ਤੋਂ ਬਾਅਦ, ਹਿੱਟ ਐਂਡ ਰਨ ਕੇਸਾਂ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਮੋਗਾ ਵਿੱਚ ਨਕੋਦਰ-ਮੋਗਾ ਹਾਈਵੇਅ ਨੂੰ ਸ਼ਹਿਰ ਦੀਆਂ ਟਰੱਕ ਯੂਨੀਅਨਾਂ ਵੱਲੋਂ ਅੱਜ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਜਲੰਧਰ, ਨਕੋਦਰ ਅਤੇ ਮੋਗਾ ਤੇ ਫਰੀਦਕੋਟ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਵੱਲੋਂ ਦੋਵੇਂ ਪਾਸੇ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ । ਇਹ ਪ੍ਰਦਰਸ਼ਨ ਆਲ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਨਵੇਂ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਪੰਜਾਬ ਤੋਂ ਇਲਾਵਾ ਭੋਪਾਲ, ਇੰਦੌਰ, ਗਵਾਲੀਅਰ, ਜਬਲਪੁਰ ਅਤੇ ਮੱਧ ਪ੍ਰਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਬੱਸਾਂ ਨਹੀਂ ਚੱਲ ਰਹੀਆਂ ਹਨ। ਰਾਜਸਥਾਨ ਵਿੱਚ ਅੱਧਾ ਦਿਨ ਵੀ ਪ੍ਰਾਈਵੇਟ ਵਾਹਨ ਨਹੀਂ ਚੱਲਣ ਦਿੱਤੇ ਗਏ। ਉੱਤਰਾਖੰਡ, ਪੰਜਾਬ ਅਤੇ ਯੂਪੀ ਵਿੱਚ ਵੀ ਟਰੱਕ ਡਰਾਈਵਰਾਂ ਨੇ ਸੜਕਾਂ ਜਾਮ ਕਰ ਦਿੱਤੀਆਂ।