ਬੈਂਕ ਪ੍ਰਬੰਧਕਾਂ ਨੂੰ ਸਖ਼ਤ ਤਾੜਨਾ, ਗਰੀਬ ਅਤੇ ਲੋੜਵੰਦ ਅਰਜੀਕਰਤਾਵਾਂ ਦੇ ਕਰਜ਼ਾ ਕੇਸ ਬਿਨਾ ਕਿਸੇ ਠੋਸ ਕਾਰਨ ਤੋਂ ਰੱਦ ਕਰਨ ਦੀਆਂ ਮਨਮਾਨੀਆਂ ਤੋਂ ਬਾਜ ਆਉਣ : ਡਿਪਟੀ ਕਮਿਸ਼ਨਰ

ਮੋਗਾ, 15 ਮਾਰਚ : ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਬੈਂਕ ਪ੍ਰਬੰਧਕਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਉਹ ਗਰੀਬ ਅਤੇ ਲੋੜਵੰਦ ਅਰਜੀਕਰਤਾਵਾਂ ਦੇ ਕਰਜ਼ਾ ਕੇਸ ਬਿਨਾ ਕਿਸੇ ਠੋਸ ਕਾਰਨ ਤੋਂ ਰੱਦ ਕਰਨ ਦੀਆਂ ਮਨਮਾਨੀਆਂ ਤੋਂ ਬਾਜ ਆ ਜਾਣ। ਅਜਿਹਾ ਕਰਨ ਵਾਲੇ ਬੈਂਕ ਪ੍ਰਬੰਧਕਾਂ ਖ਼ਿਲਾਫ਼ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਭਵਿੱਖ ਵਿੱਚ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਆਰਸੇਟੀ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।ਮੀਟਿੰਗ ਦੌਰਾਨ ਆਰਸੇਟੀ ਦੇ ਡਾਇਰੈਕਟਰ ਗੌਰਵ ਕੁਮਾਰ ਨੇ ਧਿਆਨ ਵਿੱਚ ਲਿਆਂਦਾ ਕਿ ਆਰਸੇਟੀ ਤੋਂ ਵੱਖ-ਵੱਖ ਕੋਰਸਾਂ ਦੀ ਸਿਖ਼ਲਾਈ ਲੈਣ ਤੋਂ ਬਾਅਦ ਜਦ ਨੌਜਵਾਨਾਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾ ਕੇ ਕੰਮ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਆਮ ਤੌਰ 'ਤੇ ਬੈਂਕ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀਆਂ ਅਰਜ਼ੀਆਂ ਗੈਰਵਾਜ਼ਬ ਕਾਰਨ ਦੇ ਕੇ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਨਤੀਜਾ ਇਹ ਹੁੰਦਾ ਹੈ ਕਿ ਸਿਖ਼ਲਾਈ ਪ੍ਰਾਪਤ ਨੌਜਵਾਨ ਆਪਣੇ ਪੈਰ੍ਹਾਂ ਉਤੇ ਖੜਾ ਹੋਣ ਦੀ ਬਿਜਾਏ ਮੁੜ ਨਿਰਾਸ਼ਾ ਦੇ ਆਲਮ ਵਿੱਚ ਚਲਾ ਜਾਂਦਾ ਹੈ।ਡਿਪਟੀ ਕਮਿਸ਼ਨਰ ਨੇ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਲੀਡ ਬੈਂਕ ਮੈਨੇਜਰ ਸ੍ਰੀਮਤੀ ਸਰਿਤਾ ਜੈਸਵਾਲ ਨੂੰ ਹਦਾਇਤ ਕੀਤੀ ਕਿ ਅਜਿਹੇ ਬੈਂਕ ਪ੍ਰਬੰਧਕਾਂ ਨਾਲ 20 ਮਾਰਚ ਦਿਨ ਸੋਮਵਾਰ ਨੂੰ ਉਨ੍ਹਾਂ ਦੀ ਸਿੱਧੀ ਮੀਟਿੰਗ ਕਰਾਈ ਜਾਵੇ ਤਾਂ ਜੋ ਹੁਣ ਤੱਕ ਰੱਦ ਕੀਤੀਆਂ ਅਰਜੀਆਂ ਦੇ ਕਾਰਨਾਂ ਉੱਤੇ ਵਿਚਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੈਂਕ ਪ੍ਰਬੰਧਕ ਨੇ ਬਿਨਾ ਕਿਸੇ ਠੋਸ ਕਾਰਨ ਦੇ ਅਜਿਹੇ ਕਰਜ਼ਾ ਕੇਸ ਰੱਦ ਕੀਤੇ ਹਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਦੀ ਸ਼ਿਫਾਰਸ਼ ਭਾਰਤੀ ਰਿਜ਼ਰਵ ਬੈਂਕ ਨੂੰ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰ. ਸੁਖਮਿੰਦਰ ਸਿੰਘ ਰੇਖੀ ਨੂੰ ਕਿਹਾ ਕਿ ਉਹ ਆਰਸੇਟੀ ਅਧੀਨ ਨੌਜਵਾਨਾਂ ਨੂੰ ਕੇਂਦਰੀ ਸਕੀਮਾਂ ਬਾਰੇ ਸਿਖ਼ਲਾਈ ਅਤੇ ਜਾਗਰੂਕਤਾ ਦਿਵਾਉਣ ਲਈ ਕਦਮ ਉਠਾਉਣ। ਇਸ ਮੌਕੇ ਨਾਬਾਰਡ ਦੇ ਖੇਤਰੀ ਜਨਰਲ ਮੈਨੇਜਰ ਸ੍ਰੀ ਰਸ਼ੀਦ ਲੇਖੀ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਆਰਸੇਟੀ ਅਧੀਨ ਸਕਿੱਲ ਡਿਵੈੱਲਪਮੈਂਟ ਨਾਲ ਸੰਬੰਧਤ ਸਿਖ਼ਲਾਈ ਪ੍ਰੋਗਰਾਮਾਂ ਲਈ ਨਾਬਾਰਡ 100 ਫੀਸਦੀ ਵਿੱਤੀ ਸਹਾਇਤਾ ਕਰਨ ਲਈ ਤਿਆਰ ਹੈ। ਇਸ ਉੱਤੇ ਡਿਪਟੀ ਕਮਿਸ਼ਨਰ ਨੇ ਆਰਸੇਟੀ ਦੇ ਡਾਇਰੈਕਟਰ ਗੌਰਵ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਹੀ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਸਕਿੱਲ ਟਰੇਨਿੰਗ ਦੇਣ ਲਈ ਬੈਚ ਸ਼ੁਰੂ ਕਰਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ 2009 ਤੋ ਸ਼ੁਰੂ ਹੋਈ ਇਸ ਸੰਸਥਾ ਵੱਲੋਂ ਹੁਣ ਤੱਕ ਵੱਖ ਵੱਖ ਸਿਖਲਾਈ ਕੋਰਸਾਂ ਵਿੱਚ 7353 ਸਿਖਿਆਰਥੀ ਸਿਲਾਈ ਕਢਾਈ, ਬਿਊਟੀ ਪਾਰਲਰ, ਡੇਅਰੀ ਫਾਰਮਿੰਗ, ਕੰਪਿਊਟਰ ਬੇਸਿਕ ਅਤੇ ਪਲੰਬਰ ਆਦਿ ਵੱਖ ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।ਇਨ੍ਹਾਂ ਵਿੱਚੋ 5546 ਸਿਖਿਆਰਥੀ ਆਪਣਾ ਖੁਦ ਦਾ ਧੰਦਾ ਸ਼ੁਰੂ ਕਰਕੇ ਆਤਮ ਨਿਰਭਰ ਹੋਣ ਵਿੱਚ ਸਫ਼ਲ ਹੋਏ ਹਨ ਅਤੇ 2443 ਸਿਖਿਆਰਥੀਆਂ ਨੂੰ ਆਤਮ ਨਿਰਭਰ ਹੋਣ ਲਈ ਬੈਕਾਂ ਪਾਸੋ ਕਰਜ਼ਾ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਡਾਇਰੈਕਟਰ ਨੇ ਆਰਸੇਟੀ ਸੰਸਥਾ ਦੀ ਤੀਜੀ ਤਿਮਾਹੀ ਰਿਪੋਰਟ ਦਿੰਦਿਆਂ ਦੱਸਿਆ ਕਿ ਦਸੰਬਰ 2022 ਤੱਕ ਵੱਖ-ਵੱਖ 19 ਸਿਖਲਾਈ ਪ੍ਰੋਗਰਾਮਾਂ ਅਧੀਨ 621 ਸਿਖਿਆਰਥੀਆਂ ਨੇ ਸਫ਼ਲਤਾਪੂਰਵਕ ਸਿਖਲਾਈ ਪ੍ਰਾਪਤ ਕੀਤੀ ਹੈ। ਇਨ੍ਹਾਂ ਸਿਖਲਾਈ ਪ੍ਰਾਪਤ ਸਿਖਿਆਰਥੀਆਂ ਵਿੱਚੋਂ 219 ਸਿਖਿਆਰਥੀਆਂ ਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਇਸ ਮੌਕੇ ਹਾਜ਼ਰ ਲੀਡ ਜ਼ਿਲ੍ਹਾ ਮੈਨੇਜਰ ਨੇ ਜ਼ਿਲ੍ਹੇ ਦੀਆਂ ਸਮੂਹ ਬੈਕਾਂ ਵੱਲੋ ਭਰੋਸਾ ਦਿਵਾਇਆ ਕਿ ਬੈਕਾਂ ਵੱਲੋ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋ ਵੱਧ ਕਰਜ਼ੇ ਮੁਹੱਈਆ ਕਰਵਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਰਸੇਟੀ ਦੀ ਸਾਲਾਨਾ ਗਤੀਵਿਧੀ ਰਿਪੋਰਟ ਸੰਬੰਧੀ ਕਿਤਾਬਚਾ ਵੀ ਜਾਰੀ ਕੀਤਾ।