ਪੰਜਾਬ ‘ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ : ਅਸ਼ਵਨੀ ਸ਼ਰਮਾ

ਲੁਧਿਆਣਾ : ਨਗਰ ਨਿਗਮ ਚੋਣਾਂ ਲਈ ਮੀਟਿੰਗ ‘ਚ ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਵਾਰ ਫਿਰ ਪੰਜਾਬ ਦੀ ਸੱਤਾਧਾਰੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ,ਉਨ੍ਹਾਂ ਨੇ ਕਿਹਾ ਕਿ ਹਰ ਰੋਜ਼ ਲੋਕਾਂ ‘ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਪੰਜਾਬ ਸਰਕਾਰ ਨੂੰ ਇਸ ਮੁੱਦੇ ‘ਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ| ਇਸਦੇ ਨਾਲ ਹੀ ਅੰਮ੍ਰਿਤਸਰ ‘ਚ 10 ਸਾਲ ਦੇ ਨਾਬਾਲਗ ਬੱਚੇ ‘ਤੇ ਦਰਜ ਹੋਏ ਕੇਸ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੋਸ਼ੀ ਤਾਂ ਉਹ ਹਨ ਜੋ ਇਸ ਗੰਨ ਕਲਚਰ ਨੂੰ ਬੜਾਵਾ ਦਿੰਦੇ ਹਨ। ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ ਨਾ ਕਿ ਬੱਚੇ ‘ਤੇ ਕਿਉਂਕਿ ਬੱਚਾ ਇਸ ਸਲੋਗਨ ਕਲਚਰ ਤੋਂ ਪ੍ਰਭਾਵਿਤ ਹੋਇਆ ਹੈ। ਬਠਿੰਡਾ ‘ਚ ਦਰਜਨ ਤੋਂ ਵੱਧ ਹਥਿਆਰਾਂ ਦੇ ਗਾਇਬ ਹੋਣ ਦੀ ਜਾਂਚ ਦੇ ਹੁਕਮਾਂ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ‘ਚ ਆਈ ਹੈ, ਉਦੋਂ ਤੋਂ ਪੰਜਾਬ ‘ਚ ਅਮਨ-ਕਾਨੂੰਨ ਦਾ ਰਾਜ ਨਹੀਂ ਸਗੋਂ ਅਰਾਜਕਤਾ ਫੈਲੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਰੱਬ ਦੇ ਸਹਾਰੇ ਨਾਲ ਚੱਲ ਰਿਹਾ ਹੈ, ਕਿਹਾ ਹੁਣ ਤਾਂ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ| ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਜਿਸ ‘ਤੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ|ਲੀਡਰਾਂ ‘ਤੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਬੰਧੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਗਾਜਰਾਂ ਖਾਧੀਆਂ ਨੇ ਢਿੱਡ ਉਨ੍ਹਾਂ ਦੇ ਹੀ ਦੁਖਣੇ ਹਨ। ਇਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਨੇ ਰਾਜਾ ਵੜਿੰਗ ‘ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਲੈ ਕੇ ਵੀ ਕਿਹਾ ਕਿ ਸਮਾਂ ਆਉਣ ‘ਤੇ ਪਤਾ ਲੱਗੇਗਾ ਕਿ ਜਿੱਤ ਕਿਸਦੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ਕਰਨ ਲਈ ਲੁਧਿਆਣਾ ਪੁੱਜੇ ਹਨ |