ਸ਼ਹੀਦੀ ਸਭਾ ਦੌਰਾਨ ਸੰਗਤਾਂ ਨੂੰ 24 ਘੰਟੇ ਮੁਹੱਈਆ ਕਰਵਾਈਆਂ ਜਾਣਗੀਆਂ ਮਿਆਰੀ ਸਿਹਤ ਸੇਵਾਵਾਂ : ਸਿਵਲ ਸਰਜਨ

  • ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫਤਹਿਗੜ੍ਹ ਸਾਹਿਬ, 19 ਦਸੰਬਰ : ਧੰਨ-ਧੰਨ ਬਾਬਾ ਜੋਰਾਵਰ ਸਿੰਘ ਜੀ,ਧੰਨ-ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜ਼ਰੀ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਆਉਣ ਵਾਲੀਆਂ  ਸੰਗਤਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਘੰਟੇ ਨਿਰਵਿਘਨ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ । ਇਹਨਾਂ ਸੇਵਾਵਾਂ ਦੇ ਪ੍ਰਬੰਧ ਕਰਨ ਲਈ ਸਿਹਤ ਵਿਭਾਗ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਅਤੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਅੱਜ ਦੂਜੀ ਵਾਰ ਮੀਟਿੰਗ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ  ਨੇ ਦੱਸਿਆ ਕਿ ਸਰਧਾਲੂਆਂ ਨੂੰ  24 ਘੰਟੇ ਸਿਹਤ ਸੇਵਾਵਾਂ ਮੁਹਈਆ ਕਰਾਉਣ ਲਈ ਸੂਬੇ ਦੇ 09 ਜਿਲ੍ਹਿਆਂ ਵਿੱਚੋਂ ਐਂਬੂਲੈਂਸਾਂ,  ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਮੰਗਵਾਇਆ ਜਾ ਰਿਹਾ ਹੈ ਅਤੇ ਜਿਲ੍ਹੇ ਵਿੱਚ ਤਾਇਨਾਤ ਸਟਾਫ ਦੀ ਡਿਊਟੀ ਵੀ ਸਭਾ ਦੌਰਾਨ ਫਤਿਹਗੜ੍ਹ ਸਾਹਿਬ ਵਿਖੇ ਲਗਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੰਗਤਾਂ ਨੂੰ ਮੁਫਤ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ। ਇਨਾ ਦਵਾਈਆਂ ਅਤੇ ਲੋੜੀਦੇ ਸਟਾਫ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਡਿਊਟੀ ਕਰਨ ਲਈ ਹੋਰਾਂ ਜਿਲਿਆਂ ਤੋਂ ਆਉਣ ਵਾਲੇ ਮੈਡੀਕਲ ਤੇ ਪੈਰਾ ਮੈਡੀਕਲ ਕਰਮਚਾਰੀਆਂ ਦੇ ਠਹਿਰਨ ਦਾ ਪ੍ਰਬੰਧ ਵੀ ਜਿਲਾ ਪੱਧਰ ਤੇ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ 06 ਆਰਜੀ ਡਿਸਪੈਂਸਰੀਆਂ ਜੋ ਦਿਨ -ਰਾਤ ਖੁੱਲ੍ਹੀਆਂ ਰਹਿਣਗੀਆਂ ਤੇ ਉਨ੍ਹਾਂ ਉੱਤੇ ਐਮਰਜੈਂਸੀ ਸੇਵਾਵਾਂ ਲਗਾਤਾਰ ਪ੍ਰਦਾਨ ਕੀਤੀਆਂ ਜਾਣਗੀਆਂ ਓਹਨਾਂ ਵਿੱਚ ਕੰਮ ਕਰਨ ਵਾਲੇ ਸਟਾਫ ਲਈ ਠੰਡ ਤੋਂ ਬਚਣ ਲਈ ਹੀਟਰਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਸੰਗਤਾਂ ਲਈ  ਲੰਗਰ ਅਤੇ ਖਾਣ ਪੀਣ ਦੇ ਸਾਮਾਨ ਦੀ ਦੇਖ -ਰੇਖ ਲਈ ਫੂਡ ਟੀਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।  ਲੰਗਰਾਂ ਵਿੱਚ ਵਰਤਿਆ ਜਾਣ ਵਾਲਾ ਪੀਣ ਵਾਲਾ ਪਾਣੀ ਵੀ ਕਲੋਰੀਨੇਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਮੁੱਖ ਮੇਲਾ ਅਫਸਰ ਹੋਣਗੇ ਜਦਕਿ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ਸਹਾਇਕ ਮੇਲਾ ਅਫਸਰ ਹੋਣਗੇ। ਉਹਨਾਂ ਦੱਸਿਆ ਕਿ ਸਾਰੇ ਪ੍ਰਬੰਧ ਜਲਦੀ ਹੀ ਮੁਕੰਮਲ ਕਰ ਲੈ ਜਾਣਗੇ ਅਤੇ ਸੰਗਤ ਨੂੰ ਕੋਈ ਵੀ ਸਿਹਤ ਸਬੰਧੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ , ਜਿਲਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ, ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸਨ।