ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਲਈ ਵਿਸ਼ੇਸ਼ ਮੁਫ਼ਤ ਡੇਅਰੀ ਟ੍ਰੇਨਿੰਗ ਦੀ ਕਾਉਂਸਲਿੰਗ 17 ਜੁਲਾਈ ਨੂੰ

  • ਟ੍ਰੇਨਿੰਗ ਉਪਰੰਤ ਕਰਜ਼ਾ ਕੇਸ ਤੇ ਮਿਲੇਗੀ 33 ਫੀਸਦੀ ਸਬਸਿਡੀ- ਨਿਰਵੈਰ ਸਿੰਘ ਬਰਾੜ

ਮੋਗਾ, 13 ਜੁਲਾਈ : ਪੰਜਾਬ ਸਰਕਾਰ ਵੱਲੋ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੋਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ ਬੈਨੀਫਿਸ਼ਰੀਜ਼ ਨੂੰ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਜ਼ਿਲ੍ਹਾ ਮੋਗਾ ਸ਼੍ਰੀ ਨਿਰਵੈਰ ਸਿੰਘ ਬਰਾੜ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 2 ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਪੰਜਾਬ ਦੇ ਵੱਖ-ਵੱਖ ਡੇਅਰੀ ਟ੍ਰੇਨਿੰਗ ਸੈਂਟਰਾਂ ਜਰੀਏ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਖਿਆਰਥੀਆਂ ਨੂੰ ਡੇਅਰੀ ਯੁਨਿਟ ਵੀ ਸਥਾਪਿਤ ਕਰਵਾ ਕੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ  ਸਿਰਫ਼ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਡੇਅਰੀ ਫਾਰਮਰ ਇਸ ਯੋਜਨਾਂ ਜਾਂ ਮੁਫ਼ਤ ਸਿਖਲਾਈ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ 17 ਜੁਲਾਈ 2023 ਨੂੰ ਦਫ਼ਤਰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਗਿੱਲ ਜਿਲ੍ਹਾ ਮੋਗਾ ਵਿਖੇ ਕਾਉਂਸਲਿੰਗ ਰੱਖੀ ਗਈ ਹੈ।  ਕਾਉਂਸਲਿੰਗ ਵਿੱਚ ਚੁਣੇ ਗਏ ਲਾਭਪਾਤਰੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਮੋਗਾ ਐਟ ਗਿੱਲ ਵਿਖੇ ਡੇਅਰੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਸਿਖਿਆਰਥੀ ਘੱਟੋ-ਘੱਟ ਪੰਜਵੀਂ ਪਾਸ ਹੋਵੇ। ਸਿਖਿਆਰਥੀ ਪੰਜਾਬ ਦਾ ਰਹਿਣ ਵਾਲਾ ਹੋਵੇ ਅਤੇ ਉਹ ਦਿਹਾਤੀ ਪਿਛੋਕੜ ਦਾ ਹੋਵੇ । ਕਾਉਂਸਲਿੰਗ ਵਿੱਚ ਆਉਣ ਸਮੇਂ ਜਾਤੀ ਨਾਲ ਸਬੰਧਤ ਸਰਟੀਫਿਕੇਟ, ਪੜ੍ਹਾਈ ਨਾਲ ਸਬੰਧਤ ਸਰਟੀਫਿਕੇਟ, ਉਮਰ ਨਾਲ ਸਬੰਧਤ ਸਰਟੀਫਿਕੇਟ ਆਦਿ ਪੇਸ਼ ਕਰਨੇ ਲਾਜ਼ਮੀ ਹੋਣਗੇ। ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਹੋਵੇ । ਇਸ ਸਬੰਧੀ ਵਧੇਰੀ ਜਾਣਕਾਰੀ ਲਈ 79733-84004, 01636-242480 ਨੰਬਰਾਂ ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।