ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ 02 ਤੇ 03 ਦਸੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫਸਰ

ਫ਼ਤਹਿਗੜ੍ਹ ਸਾਹਿਬ,01 ਦਸੰਬਰ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਚੱਲ ਰਿਹਾ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 09 ਦਸੰਬਰ ਤੱਕ ਜਾਰੀ ਰਹੇਗਾ। ਇਸ ਸਬੰਧੀ ਜ਼ਿਲ੍ਹੇ ਅੰਦਰ ਪੈਂਦੇ ਵਿਧਾਨ ਸਭਾ ਚੋਣ ਹਲਕਾ -054-ਬਸੀ ਪਠਾਣਾ (ਅ:ਜ), 055-ਫ਼ਤਹਿਗੜ੍ਹ ਸਾਹਿਬ ਅਤੇ 056-ਅਮਲੋਹ ਦੇ ਸਾਰੇ ਪੋਲਿੰਗ ਬੂਥਾਂ ਤੇ 02 ਦਸੰਬਰ (ਸ਼ਨੀਵਾਰ) ਤੇ 03 ਦਸੰਬਰ (ਐਤਵਾਰ) ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਬੂਥ ਲੈਵਲ ਅਫਸਰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਆਪੋ ਆਪਣੇ ਬੂਥਾਂ ਤੇ ਰਹਿ ਕੇ ਦਾਅਵੇ ਤੇ ਇਤਰਾਜ ਪ੍ਰਾਪਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜਿਹੜੇ ਵੋਟਰਾਂ ਦੀ ਉਮਰ 01-01-2024 ਨੂੰ 18 ਸਾਲ ਹੋਣ ਵਾਲੀ ਹੈ ਅਤੇ ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਉਹ ਇਨ੍ਹਾਂ ਕੈਂਪਾਂ ਵਾਲੇ ਦਿਨ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਬੀ.ਐਲ.ਓ. ਕੋਲ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸਪੈਸ਼ਲ ਕੈਂਪ ਦੌਰਾਨ ਨਵੀਂ ਵੋਟ ਬਣਵਾਉਣ ਲਈ ਫਾਰਮ ਨੰ: 6, ਪ੍ਰਵਾਸੀ ਭਾਰਤੀਆਂ ਦੀ ਵੋਟ ਬਣਵਾਉਣ ਲਈ ਫਾਰਮ ਨੰ: 6-ਏ, ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਵੇਰਵਿਆਂ ਵਿੱਚ ਸੋਧ ਕਰਾਉਣ, ਡੁਪਲੀਕੇਟ ਵੋਟਰ ਕਾਰਡ ਲੈਣ ਲਈ, ਰਿਹਾਇਸ਼ੀ ਪਤਾ ਬਦਲਣ ਲਈ ਅਤੇ ਪੀ.ਡਬਲਯੂ.ਡੀ. ਮਾਰਕ ਕਰਵਾਉਣ ਲਈ ਫਾਰਮ ਨੰ: 8 ਭਰ ਕੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਫਾਰਮ ਪੋਰਟਲ nvsp ਜਾਂ ਮੋਬਾਇਲ ਐਪ Voter Helpline ਤੇ ਵੀ ਅਪਲਾਈ ਕੀਤੇ ਜਾ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜਰੂਰ ਬਣਵਾਉਣ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਲੋਕਤੰਤਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ।