4 ਅਤੇ 5 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣਗੇ ਵਿਸ਼ੇਸ਼ ਕੈਂਪ

  • ਪੋਲਿੰਗ ਬੂਥਾਂ 'ਤੇ ਲੱਗਣ ਵਾਲੇ ਕੈਂਪਾਂ ਬਾਰੇ ਦਿਸ਼ਾ ਨਿਰਦੇਸ਼ ਜਾਰੀ

ਮੋਗਾ, 1 ਨਵੰਬਰ : ਡਿਪਟੀ ਕਮਿਸ਼ਨਰ - ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰ ਕੁਲਵੰਤ ਸਿੰਘ ਨੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਜ਼ਿਲ੍ਹਾ ਮੋਗਾ ਵਿੱਚ ਆਉਂਦੇ ਕੁਲ 04 ਵਿਧਾਨ ਸਭਾ ਚੋਣ ਹਲਕਿਆਂ ਦੇ ਨਿਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ੈਡਿਊਲ ਅਨੁਸਾਰ ਯੋਗਤਾ ਮਿਤੀ 01.01.2024 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ 09.12.2023 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ੈਡਿਊਲ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵਲੋਂ ਮਿਤੀ 04.11.2023 (ਦਿਨ ਸ਼ਨੀਵਾਰ), 05.11.2023 (ਦਿਨ ਐਤਵਾਰ) ਅਤੇ 02.12.2023 (ਦਿਨ ਸ਼ਨੀਵਾਰ), 03.12.2023 (ਦਿਨ ਐਤਵਾਰ) ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣੇ-ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2024 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ. 6 ਭਰਕੇ ਬਤੋਰ ਵੋਟਰ ਰਜਿਸਟਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਸਾਲ 17 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵਰਗ ਦੇ ਬੱਚਿਆਂ ਜਿਨ੍ਹਾਂ ਦੀ ਸਾਲ 2024 ਦੌਰਾਨ ਕਿਸੇ ਵੀ ਮਿਤੀ ਨੂੰ 18 ਸਾਲ ਦੀ ਉਮਰ ਪੂਰੀ ਹੋ ਜਾਵੇਗੀ, ਪਾਸੋਂ ਉਨ੍ਹਾਂ ਦੀ 18 ਸਾਲ ਉਮਰ ਪੂਰੀ ਹੋਣ ਦੀ ਮਿਤੀ ’ਤੇ ਬਤੌਰ ਵੋਟਰ ਰਜਿਸਟ੍ਰੇਸ਼ਨ ਕਰਨ ਸਬੰਧੀ ਐਡਵਾਂਸ ਤੌਰ ਤੇ ਫਾਰਮ ਨੰ. 6 ਪ੍ਰਾਪਤ ਕਰਨ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਲ 2024 ਵਿੱਚ ਪੈਂਦੀਆਂ ਕੁਲ ਚਾਰ ਤਿਮਾਹੀਆ ਯੋਗਤਾ ਮਿਤੀ 01 ਜਨਵਰੀ 2024 , 01 ਅਪ੍ਰੈਲ 2024, 01 ਜੁਲਾਈ 2024, ਅਤੇ 01 ਅਕਤੂਬਰ 2024 ਅਨੁਸਾਰ ਕਿਸੇ ਵੀ ਯੋਗਤਾ ਮਿਤੀ ਨੂੰ ਬਿਨੈਕਾਰ ਦੀ ਉਮਰ 18 ਸਾਲ ਪੂਰੀ ਹੋ ਜਾਂਦੀ ਹੈ (ਭਾਵ ਜਿਸਦੀ ਉਮਰ ਮਿਤੀ 01 ਜਨਵਰੀ 2024 ਨੂੰ 18 ਸਾਲ ਦੀ ਪੂਰੀ ਨਹੀਂ ਹੁੰਦੀ, ਪਰੰਤੂ ਉਸਦੀ ਉਮਰ ਸਾਲ ਦੀ ਅਗਲੀ ਤਿੰਨ ਯੋਗਤਾ ਮਿਤੀ ਅਨੁਸਾਰ 18 ਸਾਲ ਪੂਰੀ ਹੋ ਜਾਂਦੀ ਹੈ) ਤਾਂ ਅਜਿਹੇ ਬਿਨੈਕਾਰ ਆਪਣੀ ਵੋਟ ਬਨਾਉਣ ਲਈ ਐਡਵਾਂਸ ਵਿੱਚ ਫ਼ਾਰਮ ਨੰ. 6 ਭਰਕੇ ਦੇ ਸਕਣਗੇ। ਉਨ੍ਹਾਂ ਦੱਸਿਆ ਕਿ ਮਿਤੀ 01.01.2024 ਦੇ ਆਧਾਰ ਤੇ 18 ਸਾਲ ਪੂਰੀ ਕਰਨ ਵਾਲੇ ਬਿਨੈ ਪੱਤਰਾਂ ਦਾ ਨਿਪਟਾਰਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਨਾਲ ਦੀ ਨਾਲ ਕਰ ਦਿੱਤਾ ਜਾਵੇਗਾ ਅਤੇ ਸਾਲ ਦੀਆ ਅਗਲੀਆ ਤਿੰਨ ਤਿਮਾਹੀਆਂ ਦੌਰਾਨ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਬਿਨੈ ਪੱਤਰਾਂ ਦਾ ਨਿਪਟਾਰਾ ਯੋਗਤਾ ਮਿਤੀ ਦੇ ਪਹਿਲੇ ਮਹੀਨੇ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਬਿਨੈਕਾਰ ਵਲੋਂ ਆਪਣੀਆਂ ਤਾਜ਼ੀਆਂ ਖਿਚਵਾਈਆਂ ਹੋਈਆਂ ਦੋ ਰੰਗਦਾਰ ਫੋਟੋਆਂ, ਉਮਰ ਅਤੇ ਰਿਹਾਇਸ਼ ਸਬੰਧੀ ਦਸਤਾਵੇਜ਼ ਫਾਰਮ ਨੰ. 6 ਨਾਲ ਸ਼ਾਮਲ ਕਰਕੇ ਜਮ੍ਹਾਂ ਕਰਵਾਏ ਜਾਣੇ ਹਨ। ਇਸਤੋਂ ਇਲਾਵਾ ਜੇਕਰ ਕੋਈ ਵਿਅਕਤੀ ਬਤੋਰ ਐਨ. ਆਰ. ਆਈ. ਵੋਟਰ ਰਜ਼ਿਸਟਰ ਹੋਣਾ ਚਾਹੁੰਦਾ ਹੈ ਤਾਂ ਉਸ ਵਲੋਂ ਫਾਰਮ ਨੰ. 6- ਏ ,  ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ , ਤਾਂ ਉਸਦੀ ਵੋਟ ਕਟਵਾਉਣ ਲਈ ਫਾਰਮ ਨੰ. 7, ਵੋਟਰ ਸੂਚੀ ਜਾਂ ਵੋਟਰ ਸ਼ਨਾਖਤੀ ਕਾਰਡ ਵਿੱਚ ਦਰਜ ਵੇਰਵਿਆਂ ਦੀ ਦਰੁਸਤੀ ਅਤੇ ਇੱਕ ਪੋਲਿੰਗ ਏਰੀਏ ਤੋਂ ਦੂਜੇ ਪੋਲਿੰਗ ਏਰੀਏ ਵਿੱਚ ਤਬਦੀਲ ਕਰਕੇ ਨਵੇਂ ਪੋਲਿਗ ਏਰੀਏ ਵਿੱਚ ਆਪਣਾ ਨਾਮ ਰਜ਼ਿਸਟਰ ਕਰਵਾਉਣ ਅਤੇ ਆਪਣਾ ਡੁਪਲੀਕੇਟ ਵੋਟਰ ਸ਼ਨਾਖਤੀ ਕਾਰਡ ਬਣਵਾਉਣ ਲਈ ਫਾਰਮ ਨੰ. 8 ਭਰਕੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੂਥ ਲੈਵਲ ਅਫ਼ਸਰ, ਸਬੰਧਤ ਚੋਣਕਾਰ /ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਇਹ ਸਾਰੇ ਫਾਰਮ ਆਨ ਲਾਈਨ ਵਿਧੀ ਦਾ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲ www.voters.eci.gov.in ਜਾਂ Voter Helpline Mobile App ਰਾਹੀਂ ਭਰਕੇ ਅਤੇ ਇਸ ਸਬੰਧੀ ਲੋੜੀਂਦੇ ਦਸਤਾਵੇਜ਼ (ਬਿਨੈਕਾਰ ਦੀ ਫੋਟੋ, ਉਮਰ ਸਬੰਧੀ ਅਤੇ ਰਿਹਾਇਸ਼ ਸਬੰਧੀ ਦਸਤਾਵੇਜ਼) ਅਪਲੋਡ ਕਰਕੇ ਆਪਣਾ ਦਾਅਵਾ ਜਾਂ ਇਤਰਾਜ ਦਿੱਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸਤੋਂ ਇਲਾਵਾ ਆਪਣੇ ਇਲਾਕੇ ਦੇ ਬੀ.ਐਲ.ਓ. ਬਾਰੇ ਜਾਣਕਾਰੀ www.voters.eci.gov.in ਜਾਂ www.ceopunjab.gov.in ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਮੌਜੂਦਾ ਵੋਟਰ ਸੂਚੀਆ ਨੂੰ ਸ਼ੁੱਧ ਅਤੇ ਤਰੁਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਦੇ ਮੰਤਵ ਨੂੰ ਪੂਰਾ ਕਰਨ ਲਈ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੀ ਵਿਸ਼ੇਸ ਤੌਰ ਤੇ ਕੀਤਾ ਜਾ ਰਿਹਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਚੋਣ ਹਲਕੇ ਦੇ ਬੂਥ ਲੈਵਲ ਅਫ਼ਸਰਾਂ ਵਲੋਂ ਵੋਟਰਾਂ ਪਾਸੋਂ ਫਾਰਮ ਨੰ. 6-ਬੀ ਭਰਕੇ ਪ੍ਰਾਪਤ ਕੀਤੇ ਜਾ ਰਹੇ ਹਨ। ਇਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਵੋਟਰ ਵਲੋਂ ਆਪਣੇ ਵੋਟਰ ਕਾਰਡ ਨੂੰ ਉਸਦੇ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵਲੰਟਰੀ ਤੌਰ ਤੇ ਕੀਤਾ ਜਾ ਰਿਹਾ ਹੈ । ਇਸ ਸਬੰਧੀ ਆਮ ਜਨਤਾਂ/ਵੋਟਰਾਂ ਨੂੰ ਵਿਸ਼ੇਸ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਫਾਇਦਾ ਉਠਾਉਣ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਉਕਤ ਅਨੁਸਾਰ ਸਬੰਧਤ ਫਾਰਮ ਭਰ ਕੇ ਜਰੂਰ ਜਮ੍ਹਾਂ ਕਰਵਾਉਣ, ਤਾਂ ਜੋ ਭਾਰਤ ਚੋਣ ਕਮਿਸ਼ਨ ਵਲੋਂ ਮਿਥੇ ਗਏ ਟੀਚੇ “No Voter to be left behind” ਭਾਵ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ, ਨੂੰ ਪੂਰਾ ਕੀਤਾ ਜਾ ਸਕੇ ਅਤੇ ਭਾਰਤ ਦੇ ਹਰੇਕ ਨਾਗਰਿਕ ਜ਼ੋ ਕਿ ਆਪਣੀ ਵੋਟ ਬਣਵਾਉਣ ਸਬੰਧੀ ਯੋਗਤਾ ਪੂਰੀ ਕਰਦਾ ਹੈ, ਨੂੰ ਬਤੌਰ ਵੋਟਰ ਰਜ਼ਿਸਟਰ ਕਰਕੇ ਉਸਦੀ ਭਾਰਤ ਦੇ ਵਿਸ਼ਾਲ ਲੋਕਤੰਤਰ ਵਿੱਚ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।