ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰ ਲਿਸਟਾਂ ਨੂੰ ਅੱਪਡੇਟ ਕਰਨ ਸੰਬੰਧੀ 20, 21 ਤੇ 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ - ਜ਼ਿਲ੍ਹਾ ਚੋਣ ਅਫਸਰ

  • ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ ਸਬੰਧੀ ਪ੍ਰਾਪਤ ਕੀਤੀਆਂ ਜਾਣਗੀਆਂ ਦਰਖਾਸਤਾਂ

ਫ਼ਤਹਿਗੜ੍ਹ ਸਾਹਿਬ, 14 ਅਗਸਤ 2024 : ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2024 ਲਈ 01 ਜਨਵਰੀ 2023 ਦੇ ਆਧਾਰ ਤੇ ਤਿਆਰ ਕੀਤੀਆਂ ਗਈਆਂ ਵੋਟਰ ਲਿਸਟਾਂ ਨੂੰ ਅੱਪਡੇਟ ਕਰਨ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ 20,21 ਤੇ 22 ਅਗਸਤ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਨ੍ਹਾਂ ਤਿੰਨ ਦਿਨਾਂ ਨੂੰ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ ਸਬੰਧੀ ਦਰਖਾਸਤਾਂ ਪ੍ਰਾਪਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਦੌਰਾਨ ਜਾਂ ਇਸ ਤੋਂ ਬਾਅਦ ਵੀ, ਨਵੀਆਂ ਬਣਾਈਆਂ, ਕੱਟੀਆਂ ਗਈਆਂ ਅਤੇ ਤਬਦੀਲ ਕੀਤੀਆਂ ਗਈਆਂ ਵੋਟਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਇਨ੍ਹਾਂ ਨੂੰ ਅਨੁਪੂਰਕ ਸੂਚੀਆਂ ਦੇ ਤੌਰ ਤੇ ਕਮਿਸ਼ਨ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਅਨੁਸਾਰ ਪ੍ਰਕਾਸ਼ਿਤ ਕਰਵਾਇਆ ਜਾਵੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰਾਂ ਦੀ ਯੋਗਤਾ ਮਿਤੀ 01.01.2023 ਦੇ ਆਧਾਰ ਤੇ ਵੋਟਾਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 07.01.2024 ਨੂੰ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ 29 ਦਸੰਬਰ, 2023 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਗਏ ਸਨ ਜਿਨ੍ਹਾਂ ਦਾ ਨਿਪਟਾਰਾ 05 ਜਨਵਰੀ ਨੂੰ ਕਰਕੇ ਵੋਟਰ ਸੂਚੀਆਂ ਨੂੰ ਅਪਡੇਟ ਕਰਕੇ 07 ਜਨਵਰੀ, 2024 ਨੂੰ ਅੰਤਿਮ ਪ੍ਰਕਾਸ਼ਨਾ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਜ਼ਿਲ੍ਹੇ ਵੱਲੋਂ ਮਿਤੀ 07.01.2024 ਨੂੰ ਵੋਟਰ ਸੂਚੀਆਂ ਦੀ ਕਰਵਾਈ ਗਈ ਅੰਤਿਮ ਪ੍ਰਕਾਸ਼ਨਾ 29.12.2023 ਤੱਕ ਅਪਡੇਟਿਡ ਹੈ। ਪਰ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਉਕਤ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ। ਹੁਣ ਇਹ ਚੋਣਾਂ ਕਿਸੇ ਵੀ ਸਮੇਂ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਜਾ ਸਕਦੀਆਂ ਹਨ।