ਸ਼ਹਿਰ ਵਿੱਚ ਸ਼ੁਰੂ ਹੋਈ ਸਵੱਛਤਾ ਦੀ ਵਿਸ਼ੇਸ਼ ਮੁਹਿੰਮ "ਮੇਰੀ ਲਾਈਫ਼-ਮੇਰਾ ਸਵੱਛ ਸ਼ਹਿਰ" : ਕਾਰਜ ਸਾਧਕ ਅਫ਼ਸਰ

  • ਸ਼ਹਿਰ ਵਿੱਚ ਅਲੱਗ-ਅਲੱਗ ਸਥਾਨਾਂ ਉੱਤੇ ਸਥਾਪਿਤ ਕੀਤੇ ਜਾਣਗੇ ਆਰ.ਆਰ.ਆਰ.ਸੈਂਟਰ
  • ਕੂੜਾ ਮੁਕਤ ਕਰਨ ਵਿੱਚ ਮੀਲ-ਪੱਥਰ ਸਾਬਤ ਹੋਵੇਗੀ ਇਹ ਮੁਹਿੰਮ - ਨਸ਼ਰੀਨ ਅਸ਼ਰਫ਼ ਅਬਦੁੱਲਾ
  • ਆਰ.ਆਰ.ਆਰ.ਸੈਂਟਰਾਂ ਤੋਂ ਜ਼ਰੂਰਤਮੰਦ ਲੈ ਸਕਣਗੇ ਮੁਫ਼ਤ ਵਿੱਚ ਵਸਤੂਆਂ।

ਮਾਲੇਰਕੋਟਲਾ 23 ਮਈ :  ਮਾਲੇਰਕੋਟਲਾ ਵਿੱਚ ਸਵੱਛਤਾ ਦੀ ਵਿਸ਼ੇਸ਼ ਮੁਹਿੰਮ ਤਹਿਤ "ਮੇਰੀ ਲਾਈਫ਼-ਮੇਰਾ ਸਵੱਛ ਸ਼ਹਿਰ" ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਸ੍ਰੀ ਸ਼੍ਰੀ ਮਨਿੰਦਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕਾਂ ਵਿੱਚ ਆਪਣੀ ਲਾਈਫ਼ ਸਟਾਈਲ ਵਿੱਚ ਬਦਲਾਅ ਲਿਆ ਕੇ ਵਾਤਾਵਰਣ ਸੰਭਾਲ ਵਿੱਚ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਇਹ ਅਭਿਆਨ ਪੂਰੇ ਦੇਸ਼ ਵਿੱਚ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਉਪਰ ਚਲਾਇਆ ਜਾ ਰਿਹਾ ਹੈ। ਅਭਿਆਨ ਦੇ ਦੌਰਾਨ ਸ਼ਹਿਰ ਵਿੱਚ ਅਲੱਗ-ਅਲੱਗ ਸਥਾਨਾਂ ਉੱਤੇ ਵਿਸ਼ੇਸ਼ ਤੌਰ ਤੇ ਆਰ.ਆਰ.ਆਰ. ਸੈਂਟਰ ਸਥਾਪਿਤ ਕੀਤੇ ਜਾਣਗੇ, ਜਿਸ ਵਿੱਚ ਲੋਕ ਆਪਣਾ ਵਰਤੋਂ ਕੀਤਾ ਹੋਇਆ ,ਮੁੜ ਵਰਤੋਂ  ਯੋਗ  ਸਮਾਨ ਜਮ੍ਹਾਂ ਕਰਵਾ ਸਕਣਗੇ । ਉਨ੍ਹਾਂ ਦੱਸਿਆ ਕਿ ਇਹ ਸੈਂਟਰ ਸਵੱਛ ਭਾਰਤ ਦੇ ਅਧੀਨ ਰਿਯੂਜ,ਰੀਸਾਈਕਲ ਅਤੇ ਰਿਡਿਊਸ ਦੇ ਸਿਧਾਂਤਾਂ ਤੇ ਸਥਾਪਿਤ ਹੋਣਗੇ। ਉਨ੍ਹਾਂ ਹੋਰ ਦੱਸਿਆ ਕਿ ਆਰ.ਆਰ.ਆਰ.ਸੈਂਟਰਾਂ ਵਿੱਚ ਸ਼ਹਿਰ ਵਾਸੀ ਆਪਣੀਆਂ ਵਰਤੋਂ ਕੀਤੀਆਂ ਹੋਈਆਂ ਵਸਤੂਆਂ ਜਿਵੇਂ ਕਿ ਕੱਪੜੇ,ਜੁੱਤੀਆਂ,ਬੂਟ,ਚੱਪਲਾਂ,ਖਿਡੌਣੇ,ਭਾਂਡੇ ਅਤੇ ਫ਼ਰਨੀਚਰ ਦਾ ਸਮਾਨ ਆਦਿ ਜਮ੍ਹਾਂ ਕਰਵਾ ਸਕਣਗੇ। ਇਹ ਸਮਾਨ ਕੋਈ ਵੀ ਜ਼ਰੂਰਤਮੰਦ ਵਿਅਕਤੀ ਮੁਫ਼ਤ ਵਿੱਚ ਲੈ ਸਕਦਾ ਹੈ ।ਬਾਕੀ ਬਚੇ ਸਮਾਨ ਨੂੰ ਰੀਸਾਈਕਲ ਕੀਤਾ ਜਾਵੇਗਾ। ਸਮਾਨ ਜਮ੍ਹਾਂ ਕਰਵਾਉਣ ਵਾਲੇ ਵਿਅਕਤੀ ਨੂੰ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਪ੍ਰਸੰਸਾ ਪੱਤਰ ਅਤੇ ਕੱਪੜੇ ਦਾ ਥੈਲਾ ਜਾਂ ਆਰਗੈਨਿਕ ਖਾਦ ਗਿਫ਼ਟ ਵਜੋਂ ਦਿੱਤੀ ਜਾਵੇਗੀ।ਲੋਕਾਂ ਦੀ ਸੁਵਿਧਾ ਲਈ ਇਹਨਾਂ ਸਾਰੇ ਸੈਂਟਰਾਂ ਨੂੰ ਜੀ.ਓ.ਟੈਗ. ਕੀਤਾ ਜਾਵੇਗਾ ਅਤੇ ਰੋਜ਼ਾਨਾ ਪ੍ਰਾਪਤ ਹੋਣ ਵਾਲੀਆਂ ਵਸਤੂਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਤਹਿਤ ਪਲਾਸਟਿਕ ਦੇ ਲਿਫ਼ਾਫ਼ੇ/ ਸਿੰਗਲ ਯੂਜ਼ ਪਲਾਸਟਿਕ ਆਈਟਮਾਂ ਵੇਚਣ ਵਾਲਿਆਂ ਅਤੇ ਵਰਤੋਂ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਅਤੇ ਸਖ਼ਤ ਜੁਰਮਾਨਾ ਕੀਤਾ ਜਾਵੇਗਾ ਅਤੇ ਪੇੜ-ਪੌਦਿਆਂ ਉੱਤੋਂ ਹੋਰਡਿੰਗ ਅਤੇ ਜੜ੍ਹਾਂ ਵਿੱਚੋਂ ਟਾਈਲਾਂ ਹਟਾਈਆਂ ਜਾਣਗੀਆਂ ਅਤੇ ਵੱਧ ਤੋਂ ਵੱਧ ਪੇੜ ਲਗਾਏ ਜਾਣਗੇ। ਪ੍ਰਧਾਨ, ਨਗਰ ਕੌਂਸਲ ਮਾਲੇਰਕੋਟਲਾ ਨਸ਼ਰੀਨ ਅਸ਼ਰਫ਼ ਅਬਦੁੱਲਾ ਨੇ ਦੱਸਿਆ ਕਿ ਇਹ ਮੁਹਿੰਮ ਸ਼ਹਿਰ ਨੂੰ ਕੂੜਾ ਮੁਕਤ ਕਰਨ ਵਿੱਚ ਮੀਲ-ਪੱਥਰ ਸਾਬਤ ਹੋਵੇਗੀ।ਉਹਨਾਂ ਨੇ ਸ਼ਹਿਰ ਨਿਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਨਜ਼ਦੀਕੀ ਆਰ.ਆਰ.ਆਰ.ਸੈਂਟਰਾਂ ਵਿੱਚ ਵੱਧ ਤੋਂ ਵੱਧ ਮੁੜ ਵਰਤੋਂ ਲਾਇਕ ਵਸਤੂਆਂ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਆਮ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ/ਸਿੰਗਲ ਯੂਜ਼ ਪਲਾਸਟਿਕ ਦੀਆਂ ਆਈਟਮਾਂ ਦਾ ਪ੍ਰਯੋਗ ਨਾ ਕਰਨ ਦੀ ਵੀ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਆਗੂ ਸ਼ਾਮਸੂਦੀਨ ,ਉੱਘੇ ਸਮਾਜ ਸੇਵਕ ਅਸ਼ਰਫ਼ ਅਬਦੁੱਲਾ,ਅਸਲਮ ਕਾਲਾ,ਚੌਧਰੀ ਬਸ਼ੀਰ , ਮਿਊਂਸੀਪਲ ਇੰਜੀਨੀਅਰ ਇੰਜ. ਜਸਵੀਰ ਸਿੰਘ ਤੋਂ ਇਲਾਵਾ ਅਧਿਕਾਰੀ ,ਕਰਮਚਾਰੀ ਅਤੇ ਉੱਘੇ ਸਮਾਜ ਸੇਵਕ ਮੌਜੂਦ ਸਨ ।